ਐੱਨਪੀ ਧਵਨ
ਪਠਾਨਕੋਟ, 20 ਸਤੰਬਰ
ਕਿਸਾਨਾਂ ਵੱਲੋਂ ਖੂਨ ਪਸੀਨੇ ਦੀ ਸਖਤ ਮਿਹਨਤ ਨਾਲ ਲਗਾਈ ਝੋਨੇ ਦੀ ਫਸਲ ’ਤੇ ਮਧਰਾ ਵਾਇਰਸ ਦੇ ਹਮਲੇ ਨਾਲ ਜ਼ਿਲ੍ਹੇ ਅੰਦਰ ਕਾਫੀ ਫ਼ਸਲ ਪ੍ਰਭਾਵਿਤ ਹੋ ਗਈ ਹੈ। ਇਸ ਕਾਰਨ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਖਰਾਬ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡਾਂ ਮੀਰਥਲ, ਕੌਂਤਰਪੁਰ, ਰਾਣੀਪੁਰ, ਜਨਿਆਲ, ਜੈਨੀ, ਥਰਿਆਲ, ਕਮਵਾਲ, ਡੇਹਰੀਵਾਲ, ਛੰਨੀ ਟੋਲਾ, ਕਟਾਰੂਚੱਕ ਆਦਿ 2 ਦਰਜਨ ਤੋਂ ਵੱਧ ਪਿੰਡ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਏ ਹਨ। ਥਰਿਆਲ ਦੇ ਕਿਸਾਨਾਂ ਨੇ ਤਾਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਜੋਗਿੰਦਰ ਸਿੰਘ, ਸਵਰਨ ਸਿੰਘ, ਕਰਨੈਲ ਸਿੰਘ, ਸੁਰਜੀਤ ਮੁਆਲ ਹਾਜ਼ਰ ਸਨ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅੰਦਰ 5 ਹਜ਼ਾਰ ਹੈਕਟੇਅਰ ਦੇ ਕਰੀਬ ਝੋਨੇ ਦੀ ਫ਼ਸਲ ਇਸ ਵਾਇਰਸ ਨਾਲ 5 ਫੀਸਦ ਤੋਂ ਲੈ ਕੇ 95 ਫੀਸਦ ਤੱਕ ਪ੍ਰਭਾਵਿਤ ਹੋਈ ਹੈ। ਉਨ੍ਹਾਂ ਪੂਰੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ ਅਤੇ ਸਿਫਾਰਸ਼ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ।