ਪੱਤਰ ਪ੍ਰੇਰਕ
ਮਜੀਠਾ, 7 ਅਗਸਤ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤਹਿਸੀਲ ਮਜੀਠਾ ਦਾ ਚੋਣ ਇਜਲਾਸ ਗੁਰਦੀਪ ਸਿੰਘ ਬਾਜਵਾ, ਸੁੱਚਾ ਸਿੰਘ, ਮੰਗਲ ਸਿੰਘ ਟਾਂਡਾ ਆਦਿ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਰਡਰ ’ਤੇ ਕੰਮ ਕਰਦੇ ਮੁਲਾਜ਼ਮਾਂ ਦਾ ਬਾਰਡਰ ਏਰੀਆ ਭੱਤਾ, ਪੇਂਡੂ ਖੇਤਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਦਾ ਪੇਂਡੂ ਭੱਤਾ ਬੰਦ ਕਰਕੇ ਬਾਰਡਰ ਦੇ ਪਿੰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਗੁਰਦੀਪ ਸਿੰਘ ਬਾਜਵਾ ਨੇ ਤਹਿਸੀਲ ਕਮੇਟੀ ਲਈ ਪੈਨਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਅਨੁਸਾਰ ਜਗਦੀਪ ਸਿੰਘ ਜਲਾਲਪੁਰਾ ਪ੍ਰਧਾਨ, ਨਿਰਮਲ ਸਿੰਘ ਜਨਰਲ ਸਕੱਤਰ, ਗੁਰਬੀਰ ਸਿੰਘ ਵਿੱਤ ਸਕੱਤਰ, ਅੰਗਰੇਜ ਸਿੰਘ ਤੇ ਭੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਕੌਰ ਤੇ ਬਲਜੀਤ ਸਿੰਘ ਮੀਤ ਪ੍ਰਧਾਨ, ਗੁਰਮੇਲ ਸਿੰਘ ਸ਼ਾਮਨਗਰ ਪ੍ਰੈੱਸ ਸਕੱਤਰ, ਗਗਨਦੀਪ ਸਿੰਘ ਮਜੀਠਾ ਸਹਾਇਕ ਸਕੱਤਰ, ਜਗਜੀਤ ਸਿੰਘ ਗਿੱਲ ਜਥੇਬੰਦਕ ਸਕੱਤਰ, ਹਰਪ੍ਰੀਤ ਸਿੰਘ ਮਰੜੀ ਪ੍ਰਚਾਰ ਸਕੱਤਰ ਅਤੇ ਗੀਤਾ, ਲਖਬੀਰ ਸਿੰਘ, ਦਰਸ਼ਨ ਕੌਰ, ਸਤਨਾਮ ਕੌਰ ਅਤੇ ਬੀ ਨਰਾਇਣ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ।