ਪਠਾਨਕੋਟ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਭੋਆ ਅੰਦਰ ਰਾਜਨੀਤੀ ਗਰਮਾਉਣ ਲੱਗੀ ਹੈ। ਬੀਤੀ ਰਾਤ ਨੂੰ ਹਲਕਾ ਭੋਆ ਦੇ ਵੱਖ-ਵੱਖ ਇਲਾਕਿਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਹੋਰਡਿੰਗਸ ਅਤੇ ਬੈਨਰਾਂ ਨੂੰ ਸ਼ਰਾਰਤੀ ਤੱਤਾਂ ਨੇ ਪਾੜ ਦਿੱਤਾ। ਆਪ ਆਗੂਆਂ ਨੇ ਇਸ ਨੂੰ ਸਾਜਿਸ਼ ਦਾ ਹਿੱਸਾ ਦੱਸਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਹਲਕੇ ਭੋਆ ਦੇ ਪਿੰਡ ਕਿੱਲਪੁਰ ਅਤੇ ਰਮਕਾਲਵਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰਾਈਵੇਟ ਪ੍ਰਾਪਰਟੀ ਤੇ ਲੱਗੇ ਹੋਰਡਿੰਗਜ਼ ਅਤੇ ਬੈਨਰ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਪਾੜ ਦਿੱਤੇ ਗਏ। ਜਦ ਕਿ ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਇਹ ਸਾਰੇ ਪੋਸਟਰ ਪ੍ਰਾਈਵੇਟ ਪ੍ਰਾਪਰਟੀ ਤੇ ਲੱਗੇ ਹੋਏ ਸਨ। ਇਸ ਸਬੰਧ ਵਿੱਚ ਜਦ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪ੍ਰਾਪਰਟੀ ਤੇ ਲੱਗਾ ਕਿਸੇ ਵੀ ਪਾਰਟੀ ਦਾ ਹੋਰਡਿੰਗਸ ਅਤੇ ਬੈਨਰ ਉਤਾਰਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ। -ਪੱਤਰ ਪ੍ਰੇਰਕ