ਪੱਤਰ ਪ੍ਰੇਰਕ
ਤਰਨ ਤਾਰਨ, 10 ਅਗਸਤ
ਦਿੱਲੀ ਦੇ ਕਿਸਾਨ ਮੋਰਚੇ ਦੌਰਾਨ ਆਪਣੀ ਜਾਨ ਦੀ ਬਾਜ਼ੀ ਲਗਾ ਗਏ ਮਜ਼ਦੂਰ ਆਗੂ ਬਰਕਤ ਸਿੰਘ ਵਾਸੀ ਭੋਜੀਆਂ ਦੇ ਪਰਿਵਾਰ ਨੂੰ ਅੱਜ ਸੂਬਾ ਸਰਕਾਰ ਵਲੋਂ ਭੇਜਿਆ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ| ਦੱਸ ਦੇਈਏ ਕਿ 8 ਅਪਰੈਲ 2021 ਨੂੰ ਕਿਸਾਨ ਮੋਰਚਾ ਦੀ ਸਮਾਪਤੀ ’ਤੇ ਘਰ ਪਰਤਦਿਆਂ ਬਰਕਤ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ ਸੀ ਅਤੇ ਇਲਾਜ ਦੌਰਾਨ ਉਹ 10 ਅਪਰੈਲ ਨੂੰ ਦਮ ਤੋੜ ਗਿਆ ਸੀ| ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭੋਜੀਆਂ ਵਿੱਚ ਇਕ ਛੋਟੇ ਜਿਹੇ ਸਮਾਗਮ ਦੌਰਾਨ ਸੰਘਰਸ਼ ਕਮੇਟੀ ਦੇ ਆਗੂ ਕੁਲਵਿੰਦਰ ਸਿੰਘ ਕੈਰੋਵਾਲ ਅਤੇ ਬਲਜੀਤ ਸਿੰਘ, ਬਘੇਲ ਸਿੰਘ ਵਾਲਾ ਵੱਲੋਂ ਮ੍ਰਿਤਕ ਦੇ ਲੜਕੇ ਹਰਜਿੰਦਰ ਸਿੰਘ ਨੂੰ ਚੈੱਕ ਦਿੱਤਾ ਗਿਆ| ਇਸ ਮੌਕੇ ਜਥੇਬੰਦੀ ਦੇ ਕਈ ਹੋਰ ਆਗੂ ਵੀ ਹਾਜ਼ਰ ਸਨ| ਮਜ਼ਦੂਰ ਆਗੂ ਬਰਕਤ ਸਿੰਘ ਦੇ ਪਰਿਵਾਰ ਨੇ ਦਫ਼ਤਰਾਂ ਦੀਆਂ ਖੱਜਲ ਖੁਆਰੀਆਂ ਤੋਂ ਨਿਜਾਤ ਦਿਲਵਾਉਣ ਲਈ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕੀਤਾ|