ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਪਰੈਲ
ਇਥੇ ਰਾਸ਼ਟਰੀ ਪੰਚਾਇਤ ਦਿਵਸ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੂਅਲ ਸਮਾਗਮ ਰਾਹੀਂ ਦੀਨ ਦਿਆਲ ਉਪਾਧਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਦਿੱਤੇ ਗਏ ਹਨ। ਇਸ ਸਬੰਧੀ ਵਧੀਆ ਕੰਮ ਕਰਨ ਵਾਲੀਆਂ ਪੰਚਾਇਤਾਂ ਅਤੇ ਆਪਣੇ ਪਿੰਡ ਨੂੰ ਚੰਗੇ ਕੰਮ ਤੇ ਚੰਗੀਆਂ ਸਹੂਲਤਾਂ ਦੇਣ ਵਾਲਿਆਂ ਨੂੰ ਸਨਮਾਨਤ ਕੀਤਾ ਹੈ। ਇਸੇ ਤਹਿਤ ਹੀ ਜ਼ਿਲ੍ਹੇ ਦੇ ਪਿੰਡ ਮਹਿਤਾ ਦੀ ਪੰਚਾਇਤ ਨੂੰ ਪਹਿਲੇ ਨੰਬਰ ’ਤੇ ਚੁਣਿਆ ਗਿਆ ਅਤੇ ਦਸ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਇਸ ਸਮਾਗਮ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨੂੰ ਭਾਰਤ ਸਰਕਾਰ ਵੱਲੋਂ ਪਹਿਲੇ ਨੰਬਰ ’ਤੇ ਚੁਣਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਵਲੋਂ ਆਨਲਾਈਨ 10 ਲੱਖ ਰੁਪਏ ਦੀ ਗ੍ਰਾਂਟ ਇਸ ਪੰਚਾਇਤ ਨੂੰ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਹਿਤਾ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਲਈ ਬਹੁਤ ਚੰਗੇ ਉਪਰਾਲੇ ਕੀਤੇ ਗਏ ਹਨ, ਜਿਸ ਤਹਿਤ ਪਿੰਡ ਦੀਆਂ ਗਲੀਆਂ ਵਿੱਚ ਸੋਲਰ ਲਾਈਟਾਂ, ਵਧੀਆ ਨਾਲੀਆਂ ਅਤੇ ਸਫ਼ਾਈ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਟੀਮ ਭੇਜ ਕੇ ਪਿੰਡ ਦਾ ਮੁਆਇਨਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਿੰਡ ਮਹਿਤਾ ਦੀ ਪੰਚਾਇਤ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ।
ਇਸ ਮੌਕੇ ਪੰਚਾਇਤ ਦੇ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਹਰ ਵਾਸੀ ਪਿੰਡ ਦੇ ਕੰਮ ਨੂੰ ਆਪਣੀ ਡਿਊਟੀ ਸਮਝ ਕੇ ਕਰਦਾ ਹੈ ਅਤੇ ਪਿੰਡ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈ। ਸਰਕਾਰ ਵੱਲੋਂ ਜੋ ਵੀ ਗਰਾਂਟ ਆਉਂਦੀ ਹੈ, ਪੰਚਾਇਤ ਵੱਲੋਂ ਉਸ ਨਾਲ ਵਧੀਆ ਅਤੇ ਗੁਣਵੱਤਾ ਪੂਰਵਕ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਗਟ ਸਿੰਘ ਬੀਡੀਓ, ਗੁਰਦਰਸ਼ਨ ਲਾਲ ਖੁੰਡਰ ਡਿਪਟੀ ਸੀਈਓ ਆਦਿ ਹਾਜ਼ਰ ਸਨ।