ਪੱਤਰ ਪ੍ਰੇਰਕ
ਤਰਨ ਤਾਰਨ, 19 ਜੁਲਾਈ
ਜਮਹੂਰੀ ਕਿਸਾਨ ਸਭਾ ਵੱਲੋਂ ਅੱਜ ਇਲਾਕੇ ਦੇ ਪਿੰਡ ਢੋਟੀਆਂ ਵਿੱਚ ਕੀਤੀ ਮੀਟਿੰਗ ਵਿੱਚ ਕਿਸਾਨਾਂ ਦੇ ਮਸਲਿਆਂ ਤੋਂ ਇਲਾਵਾ ਪੁਲੀਸ ਵਧੀਕੀਆਂ ਦੇ ਮਾਮਲੇ ਵਧਦੇ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ| ਕਿਸਾਨ ਆਗੂ ਪਿਛੌਰਾ ਸਿੰਘ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ , ਰੇਸ਼ਮ ਸਿੰਘ ਫੈਲੋਕੇ, ਕੁਲਦੀਪ ਸਿੰਘ ਫੌਜੀ ਨੇ ਵੀ ਸੰਬੋਧਨ ਕੀਤਾ| ਆਗੂਆਂ ਨੇ ਦਾਣਾ ਮੰਡੀਆਂ ਵਿੱਚ ਮੂੰਗੀ ਅਤੇ ਮੱਕੀ ਦੀ ਜਿਨਸ ਦਾ ਉੱਚਿਤ ਭਾਅ ਨਾ ਮਿਲਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ| ਬੁਲਾਰਿਆਂ ਦੋਸ਼ ਲਗਾਇਆ ਕਿ ਪਿੰਡਾਂ ਵਿੱਚ ਪੁਲੀਸ ਵੱਲੋਂ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਵਿਰੋਧੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਿਲਸਿਲਾ ਬਾਦਸਤੂਰ ਜਾਰੀ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਗਰੀਬ ਅਤੇ ਭੋਲੇ ਭਾਲੇ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ| ਆਗੂਆਂ ਦੋ ਮਹੀਨੇ ਪਹਿਲਾਂ ਢੋਟੀਆਂ ਪਿੰਡ ਦੇ ਵਾਸੀ ਤਰਲੋਕ ਸਿੰਘ ਕੋਲੋਂ ਪਿੰਡ ਦੇ ਹੀ ਲੋਕਾਂ ਵੱਲੋਂ ਖੋਹੇ ਟਰੈਕਟਰ ਦੇ ਮਾਮਲੇ ਵਿੱਚ ਸਰਹਾਲੀ ਪੁਲੀਸ ਵਲੋਂ ਅੱਜ ਤੱਕ ਵੀ ਕੋਈ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ| ਜਥੇਬੰਦੀ ਵੱਲੋਂ 2 ਅਗਸਤ ਨੂੰ ਸਰਹਾਲੀ ਥਾਣੇ ਸਾਹਮਣੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ| ਜਥੇਬੰਦੀ ਨੇ 25 ਜੁਲਾਈ ਨੂੰ ਕਿਸਾਨਾਂ ਦੇ ਮਸਲਿਆਂ ਸਬੰਧੀ ਤਰਨ ਤਾਰਨ ਵਿੱਚ ਕੀਤੀ ਜਾਣ ਵਾਲੀ ਕਨਵੈਨਸ਼ਨ ਵਿੱਚ ਤੇ 31 ਜੁਲਾਈ ਦੇ ਭਾਰਤ ਬੰਦ ਵਿੱਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ| ਢੋਟੀਆਂ ਪਿੰਡ ਦੀ 13-ਮੈਂਬਰੀ ਇਕਾਈ ਦੀ ਕੀਤੀ ਚੋਣ ’ਚ ਪਿਛੌਰਾ ਸਿੰਘ ਨੂੰ ਪ੍ਰਧਾਨ, ਕੁਲਦੀਪ ਸਿੰਘ ਫੌਜੀ ਨੂੰ ਸਕੱਤਰ, ਮਿੰਦਰ ਸਿੰਘ ਨੂੰ ਮੀਤ ਪ੍ਰਧਾਨ, ਤਰਸੇਮ ਸਿੰਘ ਨੂੰ ਸੰਯੁਕਤ ਸਕੱਤਰ, ਮੇਜਰ ਸਿੰਘ ਨੂੰ ਖਜਾਨਚੀ ਤੇ ਜਸਬੀਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।