ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 27 ਮਈ
ਕੁਝ ਪਿੰਡਾਂ ਦੀਆਂ ਸੁਸਾਇਟੀਆਂ ਵੱਲੋਂ ਆਏ ਕਰਜ਼ਾ ਵਸੂਲੀ ਦੇ ਨੋਟਿਸ ਨਾਲ ਲੋਕਾਂ ਦੇ ਸਾਹ ਸੂਤੇ ਗਏ ਹਨ। ਪਿਛਲੀ ਸਰਕਾਰ ਵੱਲੋਂ ਕੀਤੇ ਕਰਜ਼ਾ ਮੁਆਫ਼ੀ ਦੇ ਐਲਾਨ ਉਪਰੰਤ ਵੀ ਕੁਝ ਲੋਕਾਂ ਦੇ ਕਰਜ਼ੇ ਮੁਆਫ ਨਹੀਂ ਹੋਏ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ। ਕਰਜ਼ਾ ਮੁਆਫ਼ੀ ਦਾ ਫ਼ਾਇਦਾ ਉਨ੍ਹਾਂ ਮਜ਼ਦੂਰ ਪਰਿਵਾਰਾਂ ਨੂੰ ਨਹੀਂ ਮਿਲਿਆ ਜਿਨ੍ਹਾਂ ਨੂੰ ਸੁਸਾਇਟੀਆਂ ਨੇ ਆਪਣੇ ਕੋਲ ਪਏ ਫੰਡਾਂ ’ਚੋਂ ਕਰਜ਼ਾ ਦਿੱਤਾ ਸੀ। ਜਿਹੜੀਆਂ ਖੇਤੀਬਾੜੀ ਸੁਸਾਇਟੀਆਂ ਨੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਦਿੱਤਾ ਸੀ ਉਨ੍ਹਾਂ ਸੁਸਾਇਟੀਆਂ ਦੇ ਮੈਂਬਰਾਂ ਦਾ ਕਾਫ਼ੀ ਹੱਦ ਤੱਕ ਕਰਜ਼ਾ ਮੁਆਫ਼ ਹੋ ਗਿਆ ਸੀ। ‘ਓਨ ਫੰਡ’ ਸੁਸਾਇਟੀਆਂ ਦੇ ਕਿਸਾਨੀ ਕਰਜ਼ੇ ਤਾਂ ਮੁਆਫ਼ ਹੋਏ ਹਨ ਪਰ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਨਾ ਹੋਣ ਕਾਰਨ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ।
ਇਸ ਸਬੰਧੀ ਪਿੰਡ ਸਮਰਾੜੀ ’ਚ ਕੀਤੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਮੌਜੂਦਾ ਸਰਕਾਰ ਇਸ ਦੀ ਜਾਂਚ ਕਰਵਾਏ ਕਿ ਇਹ ਮਜ਼ਦੂਰਾਂ ਨਾਲ ਧੱਕਾ ਕਿਸ ਨੇ ਕੀਤਾ ਹੈ ਜਦੋਂਕਿ ਤਹਿਸੀਲ ਫਿਲੌਰ ਦੇ ਬਹੁਤੇ ਪਿੰਡਾਂ ’ਚ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਹੋਏ ਹਨ। ਸ੍ਰੀ ਰੰਧਾਵਾ ਨੇ ਕਿਹਾ ਕਿ ਤਹਿਸੀਲ ਫਿਲੌਰ ਦੀਆਂ ਡੇਢ ਦਰਜਨ ਸੁਸਾਇਟੀਆਂ ਦੇ ਮੈਂਬਰਾਂ ਨਾਲ ਅਜਿਹਾ ਵਾਪਰਿਆ ਹੈ ਜਿਨ੍ਹਾਂ ਨੂੰ ਇਕੱਠੇ ਕਰਨ ਉਪਰੰਤ ਸੰਘਰਸ਼ ਕਰ ਕੇ ਕਰਜ਼ਾ ਮੁਆਫ਼ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਸਾਇਟੀ ਨੇ ਚਾਹੇ ਆਪਣੇ ਫ਼ੰਡਾਂ ’ਚੋਂ ਕਰਜ਼ਾ ਦਿੱਤਾ ਚਾਹੇ ਕਿਤੋਂ ਹੋਰ ਇੰਤਜ਼ਾਮ ਕਰ ਕੇ ਕਰਜ਼ਾ ਦਿੱਤਾ, ਉਸ ’ਚ ਕਰਜ਼ਾ ਲੈਣ ਵਾਲੇ ਦਾ ਕੋਈ ਕਸੂਰ ਨਹੀਂ ਹੈ।