ਪੱਤਰ ਪ੍ਰੇਰਕ
ਤਰਨ ਤਾਰਨ, 23 ਅਪਰੈਲ
ਕੌਮੀ ਸ਼ਾਹਰਾਹ ਨੰਬਰ 54 ’ਤੇ ਪੈਂਦੇ ਪਿੰਡ ਰਸੂਲਪੁਰ ਦੀਆਂ ਨਹਿਰਾਂ ਨੇੜੇ ਲੰਘੀ ਸ਼ਾਮ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਕਾਰੋਬਾਰੀ ਦੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਸਤਨਾਮ ਸਿੰਘ (24) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ| ਉਹ ਅੰਮ੍ਰਿਤਸਰ ਤੋਂ ਇੱਥੇ ਆ ਕੇ ਕਾਰੋਬਾਰ ਕਰਦਾ ਸੀ। ਬੀਤੇ ਦਿਨ ਵੀ ਉਹ ਕਾਰੋਬਾਰ ਦੇ ਸਬੰਧ ਵਿੱਚ ਇਲਾਕੇ ਦੇ ਪਿੰਡ ਢੋਟੀਆਂ ਜਾ ਕੇ ਆਪਣੀ ਮੋਪੇਡ ’ਤੇ ਤਰਨ ਤਾਰਨ ਵੱਲ ਵਾਪਸ ਆ ਰਿਹਾ ਸੀ| ਜਿਵੇਂ ਹੀ ਉਹ ਰਸੂਲਪੁਰ ਨੇੜੇ ਪੁੱਜਿਆ ਤਾਂ ਉਸ ਨੂੰ ਕਿਸੇ ਵਾਹਨ ਨੇ ਫੇਟ ਮਾਰ ਦਿੱਤੀ| ਇਸ ਹਾਦਸੇ ਵਿੱਚ ਉਸ ਦੇ ਸਿਰ ’ਚ ਸੱਟ ਲੱਗ ਗਈ, ਜਿਹੜੀ ਕਿ ਜਾਨਲੇਵਾ ਸਾਬਿਤ ਹੋਈ| ਪੁਲੀਸ ਨੇ ਅਣਪਛਾਤੇ ਵਾਹਨ ਦੇ ਚਲਾਕ ਖ਼ਿਲਾਫ਼਼ ਕੇਸ ਦਰਜ ਕੀਤਾ ਹੈ|
ਟਰੱਕ ਦੀ ਫੇਟ ਵੱਜਣ ਕਾਰਨ ਕਾਰ ਡਿਵਾਈਡਰ ’ਚ ਲੱਗੇ ਪੋਲਾਂ ’ਤੇ ਚੜ੍ਹੀ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ-ਡਲਹੌਜੀ ਹਾਈਵੇਅ ’ਤੇ ਸਥਿਤ ਪਿੰਡ ਛਤਵਾਲ ਕੋਲ ਅੱਜ ਦੁਪਹਿਰ ਵੇਲੇ ਇੱਕ ਟਰੱਕ ਦੀ ਫੇਟ ਵੱਜਣ ਕਾਰਨ ਇਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ’ਤੇ ਬਣੇ ਪੋਲਾਂ ਉੱਤੇ ਚੜ੍ਹ ਗਈ। ਰਾਹਗੀਰਾਂ ਨੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਜਾਂਚ ਆਰੰਭ ਦਿੱਤੀ। ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਟਰੱਕ-ਕਾਰ ਦੋਵੇਂ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾ ਰਹੇ ਸਨ। ਇਸ ਦੌਰਾਨ ਟਰੱਕ ਦੀ ਫੇਟ ਵੱਜਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਡਿਵਾਈਡਰ ’ਚ ਲੱਗੇ ਪੋਲਾਂ ’ਤੇ ਚੜ੍ਹ ਗਈ।