ਪੱਤਰ ਪ੍ਰੇਰਕ
ਦੀਨਾਨਗਰ, 26 ਮਈ
ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਹਲਕੇ ਅੰਦਰ ਚੱਲ ਰਹੇ ਅਣਗਿਣਤ ਵਿਕਾਸ ਕੰਮਾਂ ਨੂੰ ਅਣਦੇਖਾ ਕਰਨ ਵਾਲੇ ਵਿਰੋਧੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਤਾੜਨਾ ਕੀਤੀ ਹੈ ਕਿ ਉਹ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰਨ।
ਆਪਣੇ ਗ੍ਰਹਿ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਉਨ੍ਹਾਂ ਵਿਰੁੱਧ 2022 ਦੀ ਚੋਣ ਲੜਣ ਦੇ ਚਾਹਵਾਨ ਵਿਅਕਤੀ ਬੜੀ ਹੀ ਨੀਵੇਂ ਪੱਧਰ ਦੀ ਰਾਜਨੀਤੀ ਕਰਦੇ ਹੋਏ ਜਨਤਾ ਨੂੰ ਇਹ ਕਹਿ ਕੇ ਗੁਮਰਾਹ ਕਰ ਰਹੇ ਹਨ ਕਿ ਪਿਛਲੇ ਚਾਰ ਸਾਲਾਂ ਦੌਰਾਨ ਹਲਕੇ ਅੰਦਰ ਕੋਈ ਵਿਕਾਸ ਕੰਮ ਨਹੀਂ ਹੋਇਆ। ਜਦਕਿ ਉਨ੍ਹਾਂ ਨੇ ਹੁਣ ਤੱਕ ਕਰੋੜਾਂ ਰੁਪਏ ਖ਼ਰਚ ਕਰਕੇ ਹਲਕੇ ਦੀ ਨੁਹਾਰ ਬਦਲੀ ਹੈ, ਜੋ ਉਨ੍ਹਾਂ ਦੇ ਵਿਰੋਧੀਆਂ ਨੂੰ ਨਜ਼ਰ ਨਹੀਂ ਆ ਰਹੀ। ਇਸੇ ਤਰ੍ਹਾਂ ਵਿਰੋਧੀ ਹਲਕੇ ਅੰਦਰ 6 ਹਜ਼ਾਰ ਰਾਸ਼ਨ ਕਾਰਡ ਕੱਟੇ ਜਾਣ ਦੇ ਬੇਬੁਨਿਆਦ ਇਲਜ਼ਾਮ ਵੀ ਲਗਾ ਰਹੇ ਹਨ, ਜਿਸ ਵਿੱਚ ਭੌਰਾ ਵੀ ਸੱਚਾਈ ਨਹੀਂ। ਅਰੁਣਾ ਚੌਧਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਦੀਨਾਨਗਰ ਹਲਕੇ ਲਈ ਕਾਰਡ ਬਣਾਉਣ ਦਾ ਕੋਟਾ 30 ਹਜ਼ਾਰ ਨਿਰਧਾਰਤ ਕੀਤਾ ਸੀ, ਪਰ ਉਨ੍ਹਾਂ ਨੇ ਆਪਣੇ ਹਲਕੇ ਦੇ ਗਰੀਬ ਪਰਿਵਾਰਾਂ ਲਈ ਜ਼ੋਰ ਅਜ਼ਮਾਇਸ਼ ਕਰਕੇ ਕੁੱਲ 36997 ਨਵੇਂ ਸਮਾਰਟ ਰਾਸ਼ਨ ਕਾਰਡ ਬਣਵਾ ਦਿੱਤੇ ਹਨ। ਅਰੁਣਾ ਚੌਧਰੀ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਗੁਮਰਾਹਕੁੰਨ ਪ੍ਰਚਾਰ ਨੂੰ ਗੰਭੀਰਤਾ ਨਾਲ ਨਾ ਲੈਣ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਵੀ ਵਿਰੋਧੀਆਂ ਨੂੰ ਰਗੜੇ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਅਰੁਣਾ ਚੌਧਰੀ ਦੀ ਬਦੌਲਤ ਦੀਨਾਨਗਰ ਨੂੰ ਸਬ ਡਿਵੀਜ਼ਨ ਦਾ ਦਰਜਾ ਮਿਲਿਆ ਹੈ। ਉਨ੍ਹਾਂ ਵਿਕਾਸ ਕਾਰਜਾਂ ਦੀ ਲੰਬੀ ਚੌੜੀ ਲਿਸਟ ਵੀ ਗਿਣਾਈ। ਇਸ ਮੌਕੇ ਮੀਡੀਆ ਇੰਚਾਰਜ ਦੀਪਕ ਭੱਲਾ ਵੀ ਹਾਜ਼ਰ ਸਨ।