ਗੁਰਬਖਸ਼ਪੁਰੀ
ਤਰਨ ਤਾਰਨ, 20 ਨਵੰਬਰ
ਇਥੋਂ ਦੇ ਚੌਕ ਬੋਹੜੀ ਨੇੜੇ ਸ਼ਹਿਰ ਦੀ ਮੇਨ ਸੜਕ ’ਤੇ ਸੀਵਰੇਜ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਆ ਰਹੇ ਨੁਕਸਾਂ ਨੇ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ| ਇਸ ਕਾਰਨ ਆਮ ਲੋਕਾਂ ਨੂੰ ਟਰੈਫਿਕ ਦੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸ਼ਹਿਰ ਦਾ ਇਹ ਚੌਕ ਸਭ ਤੋਂ ਜ਼ਿਆਦਾ ਆਵਾਜਾਈ ਵਾਲਾ ਸਥਾਨ ਹੈ, ਜਿਥੋਂ ਲੋਕ ਅੱਡਾ ਬਾਜ਼ਾਰ ਤੋਂ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰਨ ਲਈ ਆਉਂਦੇ-ਜਾਂਦੇ ਹਨ। ਨਗਰ ਕੌਂਸਲ ਵਲੋਂ ਬੀਤੇ ਸਮੇਂ ਦੌਰਾਨ ਸੀਵਰੇਜ ਦੀਆਂ ਪਾਈਪਾਂ ਦੀ ਸਮੇਂ ਸਿਰ ਕੀਤੀ ਜਾਣ ਵਾਲੀ ਸਫਾਈ ਆਦਿ ਦਾ ਕੰਮ ਬਿਲਕੁਲ ਵਿਸਾਰ ਦੇਣ ਕਰਕੇ ਸੀਵਰੇਜ ਵਿੱਚ ਨੁਕਸ ਆ ਰਹੇ ਹਨ| ਨਗਰ ਕੌਂਸਲ ਨੇ ਭਾਵੇਂ ਸੀਵਰੇਜ ਦਾ ਨੁਕਸ ਤਾਂ ਦੂਰ ਕਰ ਦਿੱਤਾ ਪਰ ਨੁਕਸ ਦੂਰ ਕਰਦਿਆਂ ਪੁੱਟੀ ਸੜਕ ਦੀ ਅਜੇ ਤੱਕ ਮੁਰੰਮਤ ਨਹੀਂ ਕੀਤੀ ਗਈ। ਅੱਡਾ ਬਾਜ਼ਾਰ ਦੇ ਦੁਕਾਨਦਾਰ ਦਰਸ਼ਨ ਲਾਲ, ਵਿਜੈ ਕੁਮਾਰ, ਬਿੱਲੂ ਸਮੇਤ ਹੋਰਾਂ ਨੇ ਦੱਸਿਆ ਕਿ ਇਸ ਸੜਕ ਦੇ ਪਿਛਲੇ ਛੇ ਮਹੀਨਿਆਂ ਤੋਂ ਇਕ ਸੀਵਰੇਜ ਦੇ ਸ਼ੁਰੂ ਕੀਤੇ ਕੰਮ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ| ਇਹ ਕੰਮ ਕਈ ਮਹੀਨਿਆਂ ਤੱਕ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ| ਆਮ ਲੋਕ ਸ਼ਿਕਾਇਤ ਕਰਦੇ ਹਨ ਕਿ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਨਗਰ ਕੌਂਸਲ ਵਲੋਂ ਸੀਵਰੇਜ ਦੀਆਂ ਪਾਈਪਾਂ ਦੀ ਸਫਾਈ ਨਾ ਕਰਨ ਕਰਕੇ ਆ ਰਿਹਾ ਹੈ| ਲੋਕਾਂ ਦੀਆਂ ਮੁਸ਼ਕਲਾਂ ਬਾਰੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ (ਈਓ) ਨੇ ਕੁਝ ਵੀ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕੀਤਾ ਹੈ|