ਪੱਤਰ ਪ੍ਰੇਰਕ
ਚੇਤਨਪੁਰਾ, 6 ਅਕਤੂਬਰ
ਪਿੰਡ ਸੰਗਤਪੁਰਾ ਦੇ ਇੱਕ ਦਲਿਤ ਪਰਿਵਾਰ ਵੱਲੋਂ ਥਾਣਾ ਝੰਡੇਰ ਦੀ ਪੁਲੀਸ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਹਨ। ਪਰਮਜੀਤ ਕੌਰ ਪਤਨੀ ਗੁਰਵੇਲ ਸਿੰਘ ਨੇ ਦੱਸਿਆ ਕਿ 30 ਸਤੰਬਰ ਦੀ ਰਾਤ 11 ਵਜੇ ਉਨ੍ਹਾਂ ਦੇ ਪਿੰਡ ਦੇ ਹੀ ਵਸਨੀਕ ਜਗਦੀਪ ਸਿੰਘ ਉਰਫ ਗੋਲਡੀ ਅਤੇ ਉਸ ਦੇ ਸਾਥੀ ਸਾਹਿਬ ਸਿੰਘ, ਰਾਜੂ ਅਤੇ ਹੈਪੀ ਕੰਧ ਟੱਪ ਕੇ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਗਏ ਤੇ ਊਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਪੈਣ ’ਤੇ ਉਸ ਦੇ ਪਤੀ ਤੇ ਬੇਟੇ ਨੂੰ ਜਾਗ ਆ ਗਈ। ਬਾਕੀ ਤਾਂ ਭੱਜ ਗਏ ਪਰ ਜਗਦੀਪ ਸਿੰਘ ਉਰਫ ਗੋਲਡੀ ਨੂੰ ਉਨ੍ਹਾਂ ਫੜ ਲਿਆ। ਇਸ ਦੌਰਾਨ ਹੋਈ ਝੜਪ ਦੌਰਾਨ ਜਗਦੀਪ ਸਿੰਘ ਚੁੱਲ੍ਹੇ ’ਤੇ ਰੱਖੇ ਤਵੇ ’ਤੇ ਡਿੱਗ ਪਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ ਸੀ, ਪਰ ਪੁਲੀਸ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਉਸ ਦੇ ਲੜਕੇ ਅਰਪਨਦੀਪ ਸਿੰਘ ਤੇ ਹੋਰਨਾਂ ਮਦਦਗਾਰਾਂ ਖ਼ਿਲਾਫ਼ ਨਜਾਇਜ਼ ਪਰਚਾ ਕੱਟ ਦਿੱਤਾ। ਇਸ ਸਬੰਧੀ ਥਾਣਾ ਝੰਡੇਰ ਦੇ ਐੱਸਐੱਚਓ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਡਾਕਟਰੀ ਰਿਪੋਰਟ ਅਨੁਸਾਰ ਹੀ ਕਾਰਵਾਈ ਕੀਤੀ ਹੈ।