ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 8 ਦਸੰਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪੰਜ-ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਨਾ ਮਿਲਣ ਕਾਰਨ ਬਲਾਕ ਕਾਹਨੂੰਵਾਨ ਦੇ ਪਿੰਡ ਕੋਟ ਟੋਡਰ ਮੱਲ ਵਿੱਚ ਮੁੱਖ ਮੰਤਰੀ ਚੰਨੀ ਦਾ ਪੁਤਲਾ ਸਾੜਿਆ। ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ ਪੰਜਾਬ ਦੇ ਸੂਬਾ ਤੋਂ ਸੂਬਾਈ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਐਲਾਨ ਤੇ ਐਲਾਨ ਤਾਂ ਕਰ ਰਹੇ ਹਨ, ਪਰ ਜ਼ਮੀਨੀ ਹਕੀਕਤ ਵਿੱਚ ਬਹੁਤ ਫ਼ਰਕ ਦਿਸ ਰਿਹਾ ਹੈ, ਕਿਉਂਕਿ ਹਕੀਕਤ ਵਿੱਚ ਮਜ਼ਦੂਰਾਂ ਨੂੰ ਪਲਾਟ ਨਹੀਂ ਮਿਲੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਲੋੜਵੰਦ ਲੋਕਾਂ ਨੂੰ 36 ਹਜ਼ਾਰ ਪਲਾਟ ਵੰਡੇ ਗਏ ਹਨ ਜਦਕਿ ਸਰਕਾਰ ਦੇ ਇਨ੍ਹਾਂ ਦਾਅਵਿਆਂ ਅਨੁਸਾਰ ਪੰਜਾਬ ਵਿੱਚ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਇਹ ਪਲਾਟ ਇੱਕ ਪਿੰਡ ਦੇ ਹਿੱਸੇ ਸਿਰਫ਼ 3 ਹੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਵਫ਼ਾ ਨਾ ਕੀਤੇ ਤਾਂ ਉਨ੍ਹਾਂ ਨੂੰ ਦਲਿਤ ਭਾਈਚਾਰੇ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਪਏਗਾ। ਇਸ ਮੌਕੇ ਸੁਲੱਖਣ ਸਿੰਘ, ਤਰਸੇਮ ਸਿੰਘ ਗੱਗੂ, ਜਰਨੈਲ ਸਿੰਘ ਕਾਕਾ, ਪਰਮਜੀਤ ਕੌਰ ਪੰਮੀ, ਗਿਆਨ ਕੌਰ, ਰਾਣੀ ਤੇ ਸ਼ਾਮਲ ਸਨ।