ਪੱਤਰ ਪ੍ਰੇਰਕ
ਪਠਾਨਕੋਟ, 20 ਅਕਤੂਬਰ
‘ਆਪ’ ਸਰਕਾਰ ਦੀ ਗਲਤ ਮਾਈਨਿੰਗ ਨੀਤੀ ਕਰਕੇ ਪਠਾਨਕੋਟ ਜ਼ਿਲ੍ਹੇ ਦੀ ਇੱਕੋ-ਇੱਕ ਸਟੋਨ ਕਰੱਸ਼ਰ ਇੰਡਸਟਰੀ ਵੀ ਬੰਦ ਹੋਣ ਕਰਕੇ ਰੇਤਾ ਬੱਜਰੀ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਉਸਾਰੀ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਇਸ ਕਾਰਨ ਦਿਹਾੜੀਦਾਰ, ਨਿਰਮਾਣ ਮਜ਼ਦੂਰਾਂ, ਮਿਸਤਰੀਆਂ ਅਤੇ ਰੇਤ ਬੱਜਰੀ ਦੇ ਕਾਰੋਬਾਰ ਨਾਲ ਜੁੜੇ ਸਮੂਹ ਕਾਮਿਆਂ ਨੂੰ ਕੰਮ ਨਾ ਮਿਲਣ ਕਰਕੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ। ਇਹ ਪ੍ਰਗਟਾਵਾ ਸੈਂਟਰ ਆਫ ਟਰੇਡ ਯੂਨੀਅਨਜ਼ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ, ਵਿੱਤ ਸਕੱਤਰ ਸ਼ਿਵ ਕੁਮਾਰ, ਸੂਬਾਈ ਆਗੂ ਜਸਵੰਤ ਸਿੰਘ ਸੰਧੂ ਅਤੇ ਨੰਦ ਲਾਲ ਮਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਦਾ ਟਾਕਰਾ ਕਰਨ ਲਈ ਸੱਤ ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕੀਤੀ ਜਾਣ ਵਾਲੀ ਸੂਬਾਈ ਕਨਵੈਨਸ਼ਨ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਲਾ ਇਹੀ ਨਹੀਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਲੇ ਦਾ ਕਾਰੋਬਾਰ ਅਡਾਨੀ ਗਰੁੱਪ ਦੇ ਹਵਾਲੇ ਕਰਨ ਕਰਕੇ ਇਸ ਦੀਆਂ ਕੀਮਤਾਂ ਵਿੱਚ 15 ਹਜ਼ਾਰ ਰੁਪਏ ਪ੍ਰਤੀ ਟਨ ਵਾਧਾ ਹੋਣ ਅਤੇ ਜੀਐੱਸਟੀ ਦੀ ਦਰ ਵਿੱਚ 5 ਫ਼ੀਸਦ ਹੋਰ ਵਾਧਾ ਕਰਨ ਨਾਲ ਇੱਟ ਭੱਠਾ ਉਦਯੋਗ ਵੀ ਠੱਪ ਹੋਣ ਦੇ ਕਿਨਾਰੇ ਪੁੱਜ ਗਿਆ ਹੈ।