ਸੁਖਦੇਵ ਸਿੰਘ ਸੁੱਖ
ਅਜਨਾਲਾ, 1 ਅਗਸਤ
ਇਲਾਕੇ ਵਿੱਚ ਪਿਛਲੇ ਦਿਨਾਂ ਦੌਰਾਨ ਹੋਈ ਬਰਸਾਤ ਕਾਰਨ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਉੱਝ ਦਰਿਆ ਦਾ ਪਾਣੀ ਰਾਵੀ ਦਰਿਆ ਵਿੱਚ ਛੱਡਣ ਅਤੇ ਦੋ ਹੋਰ ਨਾਲਿਆਂ ਦਾ ਪਾਣੀ ਰਾਵੀ ਦਰਿਆ ਵਿੱਚ ਪੈਣ ਦੇ ਸਿੱਟੇ ਵਜੋਂ ਅੱਜ ਪਾਣੀ ਦਾ ਪੱਧਰ ਵਧ ਗਿਆ। ਅਜਨਾਲਾ ਖੇਤਰ ਵਿੱਚ ਵਗਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਅੱਜ ਸਵੇਰ ਤੋਂ ਵਧਣਾ ਸ਼ੁਰੂ ਹੋ ਗਿਆ ਸੀ ਪਰ ਸ਼ਾਮ ਸਮੇਂ ਇਹ ਪਾਣੀ ਘਟਣਾ ਸ਼ੁਰੂ ਹੋ ਗਿਆ। ਦਰਿਆ ਦੇ ਕੰਢੇ ’ਤੇ ਕਿਸਾਨਾਂ ਵੱਲੋਂ ਬੀਜੀਆਂ ਝੋਨੇ ਅਤੇ ਕਮਾਦ (ਗੰਨੇ) ਦੀ ਫਸਲਾਂ ਪਾਣੀ ਵਿੱਚ ਡੁੱਬ ਗਈਆਂ।
ਜ਼ਿਕਰਯੋਗ ਹੈ ਕਿ ਜਿਉਂ ਹੀ ਬੀਤੇ ਕੱਲ੍ਹ ਲੋਕਾਂ ਨੇ ਦਰਿਆ ਵਿੱਚ ਪਾਣੀ ਛੱਡੇ ਜਾਣ ਦੀ ਖਬਰ ਸੁਣੀ ਤਾਂ ਲੋਕ ਸਹਿਮ ਗਏ ਪਰ ਸ਼ਾਮ ਨੂੰ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਿੰਜਾਈ ਵਿਭਾਗ ਦੇ ਉਪ ਮੰਡਲ ਅਫਸਰ ਸਤਨਾਮ ਸਿੰਘ ਭੁੱਲਰ ਨੇ ਦੱਸਿਆ ਕਿ ਉੱਝ ਦਰਿਆ ਵਿੱਚੋਂ ਜੋ ਪਾਣੀ ਛੱਡਿਆ ਗਿਆ ਸੀ ਉਸ ਪਾਣੀ ਨਾਲ ਦਰਿਆ ਦੀ ਸਥਿਤੀ ਕੰਟਰੋਲ ਹੇਠ ਹੈ ਕਿਉਂਕਿ ਸਵੇਰ ਸਮੇਂ ਇਸ ਵਿੱਚ ਪਾਣੀ 80 ਹਜ਼ਾਰ ਕਿਊਸਿਕ ਸੀ ਜੋ ਸ਼ਾਮ 4 ਵਜੇ ਘਟ ਕੇ 47980 ਕਿਊਸਿਕ ਰਹਿ ਗਿਆ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੀ ਆਪਣੀ 2 ਤੋਂ ਸਵਾ ਦੋ ਲੱਖ ਕਿਊਸਿਕ ਪਾਣੀ ਚੱਲਣ ਦੀ ਸਮਰੱਥਾ ਹੈ ਜਿਸ ਕਰਕੇ ਹੁਣ ਆਏ ਪਾਣੀ ਨਾਲ ਕੋਈ ਖਤਰੇ ਦੀ ਸੰਭਾਵਨਾ ਨਹੀ ਹੈ ਪਰ ਫਿਰ ਵੀ ਵਿਭਾਗ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਿਹਾ ਹੈ। ਇੱਥੇ ਹੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲ਼ਾਂ ਨੇ ਕਿਹਾ ਕਿ ਰਾਵੀ ਦਰਿਆ ਵਿੱਚ ਆਏ ਪਾਣੀ ਕਾਰਨ ਕੰਢੇ ਨਜ਼ਦੀਕ ਖਰਾਬ ਹੋਣ ਵਾਲੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦੇ ਯੋਗ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ।
ਕਟਾਰੂਚੱਕ ਵੱਲੋਂ ਨੁਕਸਾਨ ਦੀ ਭਰਪਾਈ ਦਾ ਹੁਕਮ
ਐੱਨਪੀ ਧਵਨ
ਪਠਾਨਕੋਟ, 1 ਅਗਸਤ
ਪਠਾਨਕੋਟ ਜ਼ਿਲ੍ਹੇ ਵਿੱਚ ਬੀਤੇ ਕੱਲ੍ਹ ਆਏ ਬਰਸਾਤੀ ਪਾਣੀ ਨਾਲ ਟੁੱਟ ਗਏ ਰਸਤਿਆਂ, ਪੁਲਾਂ ਅਤੇ ਹੋਰ ਸੜਕਾਂ ਦੀ ਮੁੜ ਮੁਰੰਮਤ ਕਰਨ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਬਰਸਾਤਾਂ ਵਿੱਚ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਜੋ ਰਸਤੇ ਟੁੱਟ ਗਏ ਹਨ, ਉਨ੍ਹਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ। ਇਸ ਮੌਕੇ ਕਰੱਸ਼ਰ ਇੰਡਸਟਰੀ ਨਾਲ ਸਬੰਧਿਤ ਮਾਲਕਾਂ ਨੇ ਵਿਜੇ ਪਾਸੀ ਅਤੇ ਸੰਜੇ ਆਨੰਦ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ। ਉਨ੍ਹਾਂ ਕਰੱਸ਼ਰ ਇੰਡਸਟਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਪੂਰੇ ਪੰਜਾਬ ਅੰਦਰ ਨਵੀਂ ਮਾਈਨਿੰਗ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅਸਲ ਵਿੱਚ ਅੱਜ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਇਸ ਜ਼ਿਲ੍ਹੇ ਦੇ ਇੰਚਾਰਜ ਪੇਂਡੂ ਤੇ ਪੰਚਾਇਤ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕਰਨਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰ ਕੇ ਉਹ ਪੁੱਜ ਨਹੀਂ ਸਕੇ। ਇਸ ਕਰਕੇ ਉਨ੍ਹਾਂ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਸਬੰਧਿਤ ਵਿਭਾਗਾਂ ਨਾਲ ਅੱਜ ਮੀਟਿੰਗ ਕਰਨੀ ਜ਼ਰੂਰੀ ਸਮਝੀ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ, ਮੰਡੀਕਰਨ ਬੋਰਡ, ਨਗਰ ਨਿਗਮ ਅਤੇ ਪੀਡਬਯੂਡੀ ਦੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਅਤੇ ਪਠਾਨਕੋਟ ਜ਼ਿਲ੍ਹੇ ਨੂੰ ਵਿਕਾਸ ਦੀਆਂ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ਉੱਪਰ ਤਸੱਲੀ ਪ੍ਰਗਟ ਕੀਤੀ ਕਿ ਮਗਨਰੇਗਾ ਦੇ ਕੰਮਾਂ ਵਿੱਚ ਪਠਾਨਕੋਟ ਜ਼ਿਲ੍ਹਾ ਇਸ ਵੇਲੇ ਪੂਰੇ ਪੰਜਾਬ ’ਚ 9ਵੇਂ ਸਥਾਨ ਤੇ ਪੁੱਜ ਗਿਆ ਹੈ ਜਦ ਕਿ ਪਿਛਲੇ ਸਾਲ ਇਹ ਜ਼ਿਲ੍ਹਾ ਪੂਰੇ ਪੰਜਾਬ ਵਿੱਚ ਸਭ ਤੋਂ ਫਾਡੀ ਸੀ ਭਾਵ 23ਵੇਂ ਸਥਾਨ ’ਤੇ ਸੀ।
ਓਵਰਫਲੋਅ ਹੋ ਰਹੇ ਗੰਦੇ ਪਾਣੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ
ਪਠਾਨਕੋਟ (ਪੱਤਰ ਪ੍ਰੇਰਕ): ਸ਼ਹਿਰ ਦੇ ਵਾਰਡ ਨੰਬਰ 13 ਵਿੱਚ ਭਦਰੋਆ ਰੋਡ ’ਤੇ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਖੜ੍ਹਾ ਹੋ ਗਿਆ ਹੈ। ਬਦਬੂ ਫੈਲ ਜਾਣ ਕਾਰਨ ਲੋਕਾਂ ਦਾ ਹਾਲ-ਬੇਹਾਲ ਹੈ। ਵਾਰਡ ਵਾਸੀ ਮੁਕੇਸ਼ ਕੁਮਾਰ, ਡਿੰਪਲ ਕੁਮਾਰ, ਮੁਨੀਸ਼, ਮਦਨ ਲਾਲ, ਪੰਕਜ, ਰਤਨ ਚੰਦ, ਅਸ਼ਵਨੀ ਸ਼ਰਮਾ ਅਤੇ ਸੁਖਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਖੇਤਰ ਵਿੱਚ ਪਿਛਲੇ 6 ਮਹੀਨੇ ਤੋਂ ਸੀਵਰੇਜ ਜਾਮ ਹੈ। ਹਾਲਤ ਹੁਣ ਇੰਨੀ ਖਰਾਬ ਹੋ ਗਈ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਆ ਖੜ੍ਹਾ ਹੋਇਆ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿਧਰੇ ਕੋਈ ਬਿਮਾਰੀ ਨਾ ਫੈਲ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਉਹ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਜਾਮ ਖੁਲ੍ਹਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ।