ਸੁਖਦੇਵ ਸਿੰਘ ਸੁੱਖ
ਅਜਨਾਲਾ, 24 ਜੁਲਾਈ
ਸਰਹੱਦੀ ਖੇਤਰ ਵਿੱਚੋਂ ਲੰਘਦਾ ਸੱਕੀ ਨਾਲਾ ਬਰਸਾਤੀ ਪਾਣੀ ਕਾਰਨ ਨੱਕੋ-ਨੱਕ ਭਰਨ ਕਰਕੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹਨ। ਸੱਕੀ ਨਾਲੇ ਦੀ ਖਲਾਈ ਨਾ ਹੋਣ ਕਾਰਨ ਪਾਣੀ ਦਾ ਵਹਾਅ ਪੂਰੀ ਤਰ੍ਹਾਂ ਨਾ ਬਣਨ ਕਾਰਨ ਕੰਢੇ ’ਤੇ ਖੜ੍ਹੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਜਿਸ ਨਾਲ ਫਸਲ ਦੇ ਖਰਾਬ ਹੋਣ ਦਾ ਖਦਸ਼ਾ ਹੈ।
ਇਹ ਨਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਤੱਕ ਪੂਰੀ ਤਰ੍ਹਾਂ ਸਿੱਧਾ ਨਹੀਂ ਚਲਦਾ ਸਗੋਂ ਕੁਝ ਕੁ ਮੀਟਰਾਂ ਦੀ ਦੂਰੀ ਤੇ ਆਪਣੀ ਦਿਸ਼ਾ ਬਦਲ ਲੈਂਦਾ ਹੈ। ਸਿੱਟੇ ਵਜੋਂ ਪਾਣੀ ਜ਼ਿਆਦਾ ਹੋਣ ਕਾਰਨ ਕੰਢਿਆਂ ਤੋਂ ਬਾਹਰ ਆ ਕੇ ਫਸਲਾਂ ਵਿੱਚ ਭਰ ਜਾਂਦਾ ਹੈ। ਇਸ ਸੱਕੀ ਨਾਲੇ ਵਿੱਚ ਆਸ-ਪਾਸ ਤੋਂ ਜ਼ਮੀਨਾਂ ਵਿਚਕਾਰ ਬਣਾਏ ਫਾਲਤੂ ਪਾਣੀ ਕੱਢਣ ਲਈ ਛੋਟੇ ਨਾਲੇ ਵੀ ਇਸ ਵਿੱਚ ਮਿਲਦੇ ਹਨ ਜੋ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਪੱਧਰ ਵਧਣ ਦਾ ਕਾਰਨ ਬਣਦਾ ਹੈ ਜਿਸ ਨਾਲ ਫਸਲਾਂ ਅਤੇ ਜਾਨੀ ਨੁਕਸਾਨ ਹੋਣ ਦਾ ਡਰ ਅਕਸਰ ਹੀ ਲੋਕਾਂ ਅੰਦਰ ਬਣਿਆ ਰਹਿੰਦਾ ਹੈ।
ਇਸ ਸਬੰਧੀ ਕਿਸਾਨ ਪਰਮਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸੱਕੀ ਨਾਲੇ ਦੀ ਸਫਾਈ ਤੇ ਖਲਾਈ ਕਰਾਉਣੀ ਬਣਦੀ ਹੈ ਪਰ ਵਿਭਾਗ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ ਜਿਸ ਕਾਰਨ ਸੱਕੀ ਨਾਲੇ ’ਚ ਪਾਣੀ ਦਾ ਵਹਾਅ ਪੂਰੀ ਤਰ੍ਹਾਂ ਨਾ ਹੋਣ ਕਾਰਨ ਫਸਲ ਖਰਾਬ ਹੋ ਰਹੀ ਹੈ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਪਾਸੇ ਤਰੁੰਤ ਧਿਆਨ ਦੇਵੇ ਤਾਂ ਜੋ ਬਰਸਾਤਾਂ ਦੇ ਦਿਨਾਂ ਦੌਰਾਨ ਫਸਲਾਂ ਸਮੇਤ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।