ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਮਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੱਜ ਅੰਤਰ-ਵਿਭਾਗੀ ਕ੍ਰਿਕਟ (ਲੜਕੀਆਂ ਤੇ ਲੜਕੇ) ਚੈਂਪੀਅਨਸ਼ਿਪ ਕੰਪਿਊਟਰ ਇੰਜਨਿਅਰਿੰਗ ਟੈਕਨਾਲੋਜੀ ਵਿਭਾਗ ਦੀਆਂ ਲੜਕੀਆਂ ਦੀ ਟੀਮ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਲੜਕਿਆਂ ਦੀ ਟੀਮ ਨੇ ਜਿੱਤ ਲਈ। ਲੜਕੀਆਂ ਦੇ ਵਰਗ ਵਿਚ ਆਰਕੀਟੈਕਚਰ ਨੇ ਦੂਜਾ, ਲਾਅ ਨੇ ਤੀਜਾ ਅਤੇ ਫਿਜ਼ੀਕਸ ਵਿਭਾਗ ਨੇ ਚੌਥਾ ਸਥਾਨ ਹਾਸਲ ਕੀਤਾ। ਡਾ. ਅਮਨਦੀਪ ਸਿੰਘ, ਟੀਚਰ ਇੰਚਾਰਜ ਸਪੋਰਟਸ ਅਤੇ ਨੋਡਲ ਅਧਿਕਾਰੀ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿਚ ਪਹਿਲਾ ਸਥਾਨ ਕੰਪਿਊਟਰ ਸਾਇੰਸ ਨੇ ਪ੍ਰਾਪਤ ਕੀਤਾ ਜਦੋਂਕਿ ਦੂਜਾ, ਤੀਜਾ ਅਤੇ ਚੌਥਾ ਸਥਾਨ ਕ੍ਰਮਵਾਰ ਯੂਨੀਵਰਸਿਟੀ ਬਿਜ਼ਨਸ ਸਕੂਲ, ਫਿਜ਼ੀਓਥੀਰੈਪੀ ਅਤੇ ਕੰਪਿਊਟਰ ਇੰਜਨਿਅੀਰੰਗ ਟੈਕਨਾਲੋਜੀ ਵਿਭਾਗ ਨੇ ਪ੍ਰਾਪਤ ਕੀਤਾ। ਯੂਨੀਵਰਸਿਟੀ ਕੈਂਪਸ ਸਪੋਰਟਸ ਵੱਲੋਂ ਫਿੱਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਤਹਿਤ ਇਹ ਮੁਕਾਬਲੇ ਕਰਵਾਏ ਗਏ ਹਨ, ਜਿਨ੍ਹਾਂ ਵਿਚ ਵੱਖ-ਵੱਖ ਵਿਭਾਗਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।