ਪੱਤਰ ਪ੍ਰੇਰਕ
ਜੈਂਤੀਪੁਰ, 1 ਅਗਸਤ
ਸੀ.ਪੀ.ਆਈ (ਐਮ.ਐਲ.) ਲਬਿਰੇਸ਼ਨ ਦਾ ਇਲਾਕਾ ਇਜਲਾਸ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਵਿਚ ਮਦਨਜੀਤ ਸਿੰਘ ਕਾਦਰਾਂਬਾਦ, ਪ੍ਰੇਮ ਸਿੰਘ ਪਾਖਰਪੁਰਾ ਅਤੇ ਸਤਨਾਮ ਸਿੰਘ ਸਰਹਾਲਾ ਦੀ ਸਾਂਝੀ ਅਗਵਾਈ ਹੇਠ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੱਖਤਪੁਰਾ ਨੇ ਦੋਸ਼ ਲਾਇਆ ਕਿ ਜਿਸ ਪੱਧਰ ’ਤੇ ਆਰ.ਐੱਸ.ਐੱਸ ਅਤੇ ਭਾਜਪਾ ਦੇਸ਼ ਨੂੰ ਫਿਰਕਾਪ੍ਰਸਤ ਅਤੇ ਹਿੰਦੂ ਰਾਸ਼ਟਰ ਬਣਾਉਣ ਵੱਲ ਧੱਕਣ ਦੀ ਸਰਪਟ ਰਾਜਨੀਤੀ ਦੀ ਦੌੜ, ਦੌੜ ਰਹੀ ਹੈ, ਉਸ ਨੂੰ ਰੋਕਣ ਲਈ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਨਹੀਂ ਹੈ ਕਿਉਂਕਿ ਹਰ ਤਰ੍ਹਾਂ ਦੇ ਸਰਕਾਰੀ ਅਦਾਰੇ ਜੋ ਦੇਸ਼ ਦੇ ਲੋਕਾਂ ਲਈ ਹਨ, ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਿਆ ਅੱਸੀ ਰੁਪਏ ਤੱਕ ਡਿਗ ਗਿਆ ਹੈ ਅਤੇ ਹੋਰ ਵੀ ਹੇਠਾਂ ਡਿੱਗਣ ਵੱਲ ਵਧ ਰਿਹਾ ਹੈ। ਕਾਮਰੇਡ ਬੱਖਤਪੁਰਾ ਨੇ ਪੰਜਾਬ ਦੀ ਮਾਨ ਸਰਕਾਰ ਬਾਰੇ ਕਿਹਾ ਕਿ ਸਰਕਾਰ ਮਸਲੇ ਦਰ ਮਸਲੇ ਵਿੱਚ ਘਿਰ ਰਹੀ ਹੈ।