ਪੱਤਰ ਪ੍ਰੇਰਕ
ਪਠਾਨਕੋਟ, 26 ਦਸੰਬਰ
ਇੱਥੇ ਕਾਂਗਰਸ ਭਵਨ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਅਤੇ 2 ਉਪ-ਪ੍ਰਧਾਨਾਂ ਰਾਕੇਸ਼ ਬਬਲੀ ਤੇ ਗੋਲਡੀ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਪ੍ਰੋਟੋਕੋਲ ਦੀਆਂ ਧੱਜੀਆਂ ਉਡੀਆਂ ਅਤੇ ਇੱਕ ਦੂਸਰੇ ਨੂੰ ਧੱਕੇ ਵੱਜਣ ਵਿੱਚ ਹੀ ਸਮਾਗਮ ਸਮਾਪਤ ਹੋਇਆ। ਇਸ ਮੌਕੇ ਕਰੋਨਾ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ।
ਸਮਾਗਮ ਵਿੱਚ ਵੀ ਕਾਂਗਰਸ ਦੀ ਅੰਦਰੂਨੀ ਗੁੱਟਬੰਦੀ ਝਲਕਦੀ ਸਾਫ ਨਜ਼ਰ ਆ ਰਹੀ ਸੀ। ਕਈ ਆਗੂ ਤਾਂ ਇਸ ਤਾਜਪੋਸ਼ੀ ਵਿੱਚ ਨਹੀਂ ਪੁੱਜੇ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਰਮਨ ਭੱਲਾ, ਭੋਆ ਦੇ ਵਿਧਾਇਕ ਜੋਗਿੰਦਰ ਪਾਲ, ਨਰੇਸ਼ ਪੁਰੀ ਅਤੇ ਅਮਿਤ ਮੰਟੂ ਦੇ ਨਾਂ ਪ੍ਰਮੁੱਖ ਹਨ। ਜਦ ਕਿ ਜੋ ਹਾਜ਼ਰ ਸਨ, ਉਹ ਆਪੋ-ਆਪਣੇ ਸਿਆਸੀ ਪ੍ਰਭੂਆਂ ਦਾ ਗੁਣਗਾਨ ਕਰਦੇ ਰਹੇ। ਖ਼ੁਦ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਸੁਨੀਲ ਜਾਖੜ ਨੂੰ ਆਪਣਾ ਗੁਰੂ ਦੱਸਿਆ ਅਤੇ ਕਿਹਾ ਕਿ ਸ੍ਰੀ ਜਾਖੜ ਦੀ ਬਦੌਲਤ ਹੀ ਉਨ੍ਹਾਂ ਨੂੰ ਇਹ ਆਹੁਦਾ ਮਿਲਿਆ ਹੈ। ਜਦ ਕਿ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ।