ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜਨਵਰੀ
ਕਰੋਨਾ ਦੇ ਵਧ ਰਹੇ ਪ੍ਰਭਾਵ ਦੌਰਾਨ ਅੱਜ ਫਿਰ ਅੱਠ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਅੱਜ ਕਰੋਨਾ ਦੇ 525 ਹੋਰ ਨਵੇਂ ਮਾਮਲੇ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਏ ਅੱਠ ਵਿਅਕਤੀਆਂ ਵਿੱਚ ਦੋ ਔਰਤਾਂ ਅਤੇ ਛੇ ਮਰਦ ਸ਼ਾਮਲ ਹਨ। ਮਰਨ ਵਾਲਿਆਂ ਵਿਚ 72 ਸਾਲਾਂ ਦਾ ਬਸੰਤ ਐਵੇਨਿਊ ਵਾਸੀ, 42 ਸਾਲਾ ਬਾਬਾ ਬਕਾਲਾ ਵਾਸੀ, 54 ਸਾਲਾ ਦੀ ਪਿੰਡ ਬੁੱਲੇ ਨੰਗਲ ਦੀ ਔਰਤ, 52 ਸਾਲਾਂ ਦਾ ਪਿੰਡ ਥਰੀਏਵਾਲ ਦਾ ਵਿਅਕਤੀ, 58 ਸਾਲਾਂ ਦੀ ਸੁਲਤਾਨਵਿੰਡ ਰੋਡ ਦੀ ਇਕ ਔਰਤ , 52 ਸਾਲਾਂ ਦਾ ਭਗਤਪੁਰਾ ਕਲੋਨੀ ਦਾ ਇਕ ਵਸਨੀਕ ਅਤੇ 62 ਸਾਲਾਂ ਦਾ ਪਿੰਡ ਭੋਰਸ਼ੀ ਰਾਜਪੂਤਾਂ ਦਾ ਇੱਕ ਵਿਅਕਤੀ ਸ਼ਾਮਲ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਮੌਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅਤੇ ਬਾਕੀਆਂ ਦੀ ਵੱਖ ਵੱਖ ਨਿੱਜੀ ਹਸਪਤਾਲਾਂ ਤੇ ਹੋਰ ਥਾਵਾਂ ’ਤੇ ਹੋਈ ਹੈ। ਜ਼ਿਲ੍ਹੇ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1623 ਹੋ ਗਈ ਹੈ। ਅੱਜ ਕਰੋਨਾ ਦੇ 525 ਹੋਰ ਨਵੇਂ ਕੇਸ ਆਏ ਹਨ ਪਰ ਇਸ ਦੌਰਾਨ 731 ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਵੇਲੇ ਜ਼ਿਲੇ ਵਿੱਚ ਕਰੋਨਾ ਦੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 3915 ਹੈ।
ਜਲੰਧਰ(ਪਾਲ ਸਿੰਘ ਨੌਲੀ): ਜ਼ਿਲ੍ਹੇ ਵਿੱਚ ਅੱਜ ਕਰੋਨਾ ਨਾਲ ਪੰਜ ਮੌਤਾਂ ਹੋ ਗਈਆਂ ਅਤੇ 901 ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਕਰੋਨਾ ਨਾਲ 1523 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤ ਮਰੀਜ਼ਾਂ ਦਾ ਅੰਕੜਾ 72025 ਤੱਕ ਜਾ ਪੁੱਜਾ ਹੈ। ਕੱਲ੍ਹ ਵੀ ਕਰੋਨਾ ਨਾਲ ਪੰਜ ਮੌਤਾਂ ਹੋ ਗਈਆਂ ਸਨ।
ਆਈਲਟਸ ਪ੍ਰੀਖਿਆ ਕਾਰਨ ਸਬੰਧਤ ਕੇਂਦਰਾਂ ਨੂੰ ਅੰਸ਼ਕ ਖੁੱਲ੍ਹ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਪਾਬੰਦੀਆਂ ਦੇ ਚਲਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਮੂਹ ਵਿਦਿਅਕ ਅਦਾਰਿਆਂ ਨੂੰ 25 ਜਨਵਰੀ ਤਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ ਪਰ ਆਈਲੈਟਸ ਦੀ ਪ੍ਰੀਖ਼ਿਆ ਨੂੰ ਧਿਆਨ ਵਿੱਚ ਰੱਖਦਿਆਂ ਆਈਲੈਟ ਸੈਂਟਰਾਂ ਨੂੰ ਸਿੱਖਿਆ ਦੇਣ ਵਾਸਤੇ ਵਿਦਿਆਰਥੀਆਂ ਨੂੰ ਦੋ ਸ਼ਿਫਟਾਂ ਵਿੱਚ ਸੱਦਣ ਦੀ ਪ੍ਰਵਾਨਗੀ ਦਿੱਤੀ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਐਸੋਸੀਏਸ਼ਨ ਆਫ ਵੀਜਾ ਐਂਡ ਆਈਲੈਟ ਸੈਂਟਰ ਦੇ ਪ੍ਰਧਾਨ ਵਲੋਂ ਅਪੀਲ ਤੋਂ ਬਾਅਦ ਇਹ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਦਾਰਿਆਂ ਨੂੰ ਸਵੇਰੇ 9 ਤੋਂ 12 ਅਤੇ ਦੁਪਹਿਰ ਵੇਲੇ 2 ਤੋਂ 5 ਵਜੇ ਤਕ 50-50 ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਿਮ ਖੋਲ੍ਹਣ ਵਾਲਿਆਂ ਨੂੰ ਚਿਤਾਵਨੀ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਡਿਪਟੀ ਕਮਿਸ਼ਨਰ ਨੇ ਜਿਮ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਨਿਯਮਾਂ ਦੀ ਉਲੰਘਣਾ ਹੋਈ ਤਾਂ ਜਿਮ ਸੀਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਜੇ ਕੋਈ ਜਿਮ ਖੋਲ੍ਹਿਆ ਗਿਆ ਤਾਂ ਉਸ ਨੂੰ ਸੀਲ ਕਰਨ ਤੋਂ ਇਲਾਵਾ ਜਿਮ ਮਾਲਕ, ਕਰਮਚਾਰੀਆਂ ਅਤੇ ਜਿਮ ਵਿੱਚ ਆਏ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।