ਪੱਤਰ ਪ੍ਰੇਰਕ
ਰਈਆ, 10 ਜੁਲਾਈ
ਪੁਲੀਸ ਅਤੇ ਬਾਬਾ ਬਕਾਲਾ ਪੁਲੀਸ ਨੇ ਕਥਿਤ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਚੌਕੀ ਰਈਆ ਦੇ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਪੱਡਿਆਣਾ ਚੌਕ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਨਾਕੇ ਦੌਰਾਨ ਏਐੱਸਆਈ ਰਜਿੰਦਰ ਪਾਲ ਸਿੰਘ ਤੇ ਸਾਥੀ ਕਰਮਚਾਰੀਆਂ ਵੱਲੋਂ ਸ਼ੱਕੀ ਹਾਲਤ ਵਿੱਚ ਇੱਕ ਚਿੱਟੇ ਰੰਗ ਦੀ ਆਈ-20 ਕਾਰ ਜਿਸ ਦਾ ਨੰਬਰ ਪੀਬੀ-08-ਈ ਆਰ- 8468 ਨੂੰ ਰੋਕਿਆ ਗਿਆ ਤਾਂ ਉਸ ਵਿੱਚ ਦੋ ਨੌਜਵਾਨ ਉਤਰ ਕੇ ਦੌੜਨ ਲੱਗੇ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਇਸੇ ਦੌਰਾਨ ਉਨ੍ਹਾਂ ਦੀ ਸ਼ਨਾਖ਼ਤ ਕੀਤੀ ਤਾਂ ਗੱਡੀ ਚਾਲਕ ਨੌਜਵਾਨ ਨੇ ਆਪਣਾ ਨਾਂ ਮਨਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਢੇਹਪੁਰ ਜਲੰਧਰ ਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਂ ਲਖਬੀਰ ਸਿੰਘ ਪੁੱਤਰ ਪ੍ਰਦੀਪ ਸਿੰਘ ਵਾਸੀ ਢੇਹਪੁਰ ਜਲੰਧਰ ਦੱਸਿਆ। ਤਲਾਸ਼ੀ ਦੌਰਾਨ ਮਨਵੀਰ ਸਿੰਘ ਦੀ ਜੇਬ ਵਿੱਚੋਂ 51 ਹਜ਼ਾਰ ਰੁਪਏ 500 ਦੇ 102 ਨੋਟ, ਨਸ਼ੀਲਾ ਪਦਾਰਥ ਚਿਪਕਿਆ ਸਿਲਵਰ ਪੇਪਰ ਤੇ ਲਾਈਟਰ ਨਿਕਲਿਆ। ਇਸੇ ਤਰ੍ਹਾਂ ਲਖਬੀਰ ਸਿੰਘ ਦੀ ਜੇਬ੍ਹ ਵਿੱਚੋਂ ਵੀ 40 ਹਜ਼ਾਰ 700 ਰੁਪਏ, ਨਸ਼ੀਲਾ ਪੇਪਰ ਤੇ ਲਾਈਟਰ ਬਰਾਮਦ ਹੋਇਆ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਹੈਰੋਇਨ ਦਾ ਨਸ਼ਾ ਕਰਦੇ ਹਨ ਤੇ ਆਪਣਾ ਖਰਚਾ ਚਲਾਉਣ ਲਈ ਵੇਚਦੇ ਵੀ ਹਨ। ਉਹ ਬਾਬਾ ਬਕਾਲਾ ਵਾਸੀ ਘੋਨਾ ਪੁੱਤਰ ਅਮਰਜੀਤ ਸਿੰਘ ਤੇ ਅੰਗਰੇਜ਼ ਸਿੰਘ ਟਰੱਕਾਂ ਵਾਲੇ ਦੀ ਪਤਨੀ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਪਾਸੋਂ ਹੈਰੋਇਨ ਲੈਣ ਜਾ ਰਹੇ ਸੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦੋ ਵਿਅਕਤੀ ਹੈਰੋਇਨ ਸਣੇ ਕਾਬੂ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ) ਥਾਣਾ ਸਦਰ ਬਲਾਚੌਰ ਦੀ ਪੁਲੀਸ ਨੇ ਥਾਣਾ ਮੁਖੀ ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਅਧੀਨ ਏ.ਐੱਸ.ਆਈ. ਕੇਵਲ ਕ੍ਰਿਸ਼ਨ ਦੀ ਪੁਲੀਸ ਪਾਰਟੀ ਨੇ ਟੀ-ਪੁਆਇੰਟ ਸਾਹਿਬਾ ਕੋਲ ਅਮਨਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸਾਹਿਬਾ ਨੇ ਕੈਪਰੀ ਵਿੱਚੋਂ ਇੱਕ ਲਿਫਾਫ਼ਾ ਕੱਢ ਕੇ ਝੋਨੇ ਦੇ ਖੇਤ ਵਿੱਚ ਸੁੱਟ ਕੇ ਮੁੜਨ ਲੱਗੇ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰ ਲਿਆ। ਉਸ ਵੱਲੋਂ ਸੁੱਟੇ ਲਿਫਾਫ਼ੇ ਵਿੱਚੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਅਮਨਦੀਪ ਨੇ ਦੱਸਿਆ ਕਿ ਨਰਿੰਦਰ ਕੁਮਾਰ ਉਰਫ ਹੈਪੀ ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਸਾਹਿਬਾ ਵੀ ਉਸ ਨਾਲ ਨਸ਼ਾ ਵੇਚਣ ਵਿੱਚ ਸ਼ਾਮਲ ਹੈ, ਜਿਸ ’ਤੇ ਨਰਿੰਦਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।