ਪੱਤਰ ਪ੍ਰੇਰਕ
ਚੋਹਲਾ ਸਾਹਿਬ, 11 ਜੁਲਾਈ
ਮਾਝੇ ਅਤੇ ਦੁਆਬੇ ਨੂੰ ਆਪਸ ਵਿੱਚ ਜੋੜਨ ਲਈ ਪਲਟੂਨ ਪੁਲ ਦੀ ਉਸਾਰੀ ਦਾ ਨੀਂਹ ਪੱਥਰ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਰੱਖਿਆ ਗਿਆ ਸੀ ਜਿਸ ਦੀ ਉਸਾਰੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਨਛੱਤਰ ਸਿੰਘ ਘੜਕਾ ਨੇ ਦੱਸਿਆ ਕਿ ਮਾਝੇ ਅਤੇ ਦੁਆਬੇ ਦੇ ਲੋਕਾਂ ਖ਼ਾਸ ਕਰ ਕੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਬਿਜਾਈ, ਕਟਾਈ ਅਤੇ ਵੇਚਣ ਸਮੇਂ ਇੱਧਰ-ਉੱਧਰ ਮੰਡੀਆਂ ਵਿੱਚ ਢੁਆ-ਢੁਆਈ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਨਾਲ ਮਾਝੇ ਅਤੇ ਦੁਆਬੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸੰਗਤ ਨੂੰ ਕਠਿਨਾਈ ਆਉਂਦੀ ਸੀ। ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਇਥੇ ਪਲਟੂਨ ਪੁਲ ਬਣਾਉਣ ਦੀ ਮੰਗ ਪੰਜਾਬ ਸਰਕਾਰ ਪਾਸ ਰੱਖੀ ਜੋ ਮਨਜ਼ੂਰ ਹੋ ਗਈ ਅਤੇ ਅੱਜ ਮਾਝੇ ਨੂੰ ਦੁਆਬੇ ਨਾਲ ਜੋੜਨ ਲਈ 2 ਕਰੋੜ ਦੀ ਲਾਗਤ ਨਾਲ ਬਣ ਰਹੇ ਪਲਟੂਨ ਪੁਲ ਦਾ ਨਿਰਮਾਣ ਸ਼ੁਰੂ ਹੋ ਗਿਆ। ਇਸ ਦੇ ਇੱਕ ਮਹੀਨੇ ਵਿਚ ਤਿਆਰ ਹੋ ਦੀ ਉਮੀਦ ਹੈ। ਉਸਾਰੀ ਸ਼ੁਰੂ ਹੋਣ ਸਮੇਂ ਵਿਧਾਇਕ ਦੇ ਸਿਆਸੀ ਸਕੱਤਰ ਵੱਲੋਂ ਉਸਾਰੀ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਇਸ ਸਮੇਂ ਚੇਅਰਮੈਨ ਪੂਰਨ ਸਿੰਘ ਘੜਕਾ, ਸਰਪੰਚ ਮਨਦੀਪ ਸਿੰਘ ਘੜਕਾ, ਲਵਜੋਤ ਸਿੰਘ ਸੰਧੂ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।