ਨਗਰ ਕੌਂਸਲ ਜੰਡਿਆਲਾ ਗੁਰੂ ਤੇ ਕਾਦੀਆ ’ਤੇ ਕਾਂਗਰਸ ਕਾਬਜ਼

ਨਗਰ ਕੌਂਸਲ ਜੰਡਿਆਲਾ ਗੁਰੂ ਤੇ ਕਾਦੀਆ ’ਤੇ ਕਾਂਗਰਸ ਕਾਬਜ਼

ਹਲਕਾ ਵਿਧਾਇਕ ਡੈਨੀ ਨਗਰ ਕੌਂਸਲ ਦੇ ਚੁਣੇ ਗਏ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਨਾਲ।

ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 15 ਅਪਰੈਲ

ਅੱਜ ਸਥਾਨਕ ਨਗਰ ਕੌਂਸਲ ਵਿੱਚ ਨਗਰ ਕੌਂਸਲ ਲਈ ਪ੍ਰਧਾਨਗੀ ਦੀ ਚੋਣ ਐੱਸਡੀਐੱਮ ਵਿਕਾਸ ਹੀਰਾ ਦੀ ਨਿਗਰਾਨੀ ਹੇਠ ਹੋਈ। ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਕਾਂਗਰਸ ਪਾਰਟੀ ਦੇ ਸੰਜੀਵ ਕੁਮਾਰ ਲਵਲੀ 9-5 ਦੇ ਫਰਕ ਨਾਲ ਪ੍ਰਧਾਨ ਚੁਣੇ ਗਏ ਅਤੇ ਰਣਧੀਰ ਸਿੰਘ ਮਲਹੋਤਰਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਲਵਲੀ ਦੇ ਮੁਕਾਬਲੇ ਆਜ਼ਾਦ ਉਮੀਦਵਾਰ ਨਿਸ਼ਾ ਮਲਹੋਤਰਾ ਦਾ ਨਾਂ ਤਜਵੀਜ਼ ਕੀਤਾ ਗਿਆ ਸੀ। ਜਿਨ੍ਹਾਂ ਨੂੰ ਪੰਜ ਵੋਟਾਂ ਪਈਆਂ।

ਇਸ ਮੌਕੇ ਜੰਡਿਆਲਾ ਗੁਰੂੁ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਸਮੂਹ ਕੌਂਸਲਰ ਮੌਜੂਦ ਰਹੇ। ਇਸ ਚੋਣ ਦੌਰਾਨ ਕਾਂਗਰਸ ਪਾਰਟੀ ਦੀ ਫੁੱਟ ਵੇਖਣ ਨੂੰ ਮਿਲੀ। ਸੰਜੀਵ ਕੁਮਾਰ ਲਵਲੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਬਿਨਾਂ ਵੋਟ ਪਾਏ ਹਾਊਸ ਵਿੱਚੋਂ ਵਾਕਆਊਟ ਕਰ ਗਏ। ਪ੍ਰਧਾਨਗੀ ਦੀ ਚੋਣ ਤੋਂ ਬਾਅਦ ਵਿੱਚ ਕੌਂਸਲਰ ਡਿੰਪਲ ਅਤੇ ਉਨ੍ਹਾਂ ਦੇ ਪਤੀ ਚਰਨਜੀਤ ਸਿੰਘ ਟੀਟੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਵ ਕੁਮਾਰ ਲਵਲੀ ਨੂੰ ਨਗਰ ਕੌਂਸਲ ਜੰਡਿਆਲਾ ਗੁਰੂ ਦਾ ਪ੍ਰਧਾਨ ਬਣਾਉਣ ’ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੀ ਵਾਰ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆਂ ਇਕੱਲੇ ਹੀ ਕਾਂਗਰਸ ਪਾਰਟੀ ਦੇ ਕੌਂਸਲਰ ਜਿੱਤੇ ਸਨ ਅਤੇ ਇਸ ਵਾਰ ਵੀ ਸਾਰੇ ਕੌਂਸਲਰਾਂ ਤੋਂ ਵੱਧ ਵੋਟਾਂ ਹਾਸਲ ਕਰਕੇ ਡਿੰਪਲ ਨੇ ਜਿੱਤ ਪ੍ਰਾਪਤ ਕੀਤੀ ਹੈ ਪਰ ਉਨ੍ਹਾਂ ਨੂੰ ਹਲਕਾ ਵਿਧਾਇਕ ਨੇ ਪ੍ਰਧਾਨਗੀ ਦੀ ਚੋਣ ਵੇਲੇ ਪੁੱਛਿਆ ਤੱਕ ਨਹੀਂ। ਟੀਟੋ ਨੇ ਹਲਕਾ ਵਿਧਾਇਕ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਵਿਧਾਇਕ ਸਾਹਿਬ ਕੋਈ ਗੱਲ ਨਹੀਂ, 2022 ਦੀ ਚੋਣ ਵੀ ਆਉਣ ਹੀ ਵਾਲੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਚੋਣ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ।

ਕਾਦੀਆਂ (ਮਕਬੂਲ ਅਹਿਮਦ) ਅੱਜ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਪਦ ਲਈ ਚੋਣ ਹੋਈ। ਬਲਵਿੰਦਰ ਸਿੰਘ ਐੱਸਡੀਐੱਮ ਦੀ ਦੇਖ ਰੇਖ ’ਚ ਚੋਣ ਪ੍ਰਕਿਰਿਆ ਸ਼ੁਰੂ ਹੋਈ। ਇੱਸ ਮੌਕੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਮੌਜੂਦ ਸਨ। ਇੱਸ ਮੌਕੇ ਨੇਹਾ ਪਤਨੀ ਜੋਗਿੰਦਰਪਾਲ ਨੰਦੂ ਨੂੰ ਨਗਰ ਕੌਂਸਲ ਦਾ ਪ੍ਰਧਾਨ ਜਦੋਂਕਿ ਅਹਿਮਦੀਆ ਮੁਸਲਿਮ ਜਮਾਤ ਨਾਲ ਸਬੰਧਿਤ ਚੌਧਰੀ ਅਬਦੁਲ ਵਾਸੇ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜਲੂਸ ਦੀ ਸ਼ਕਲ ’ਚ ਸ਼ਹਿਰ ’ਚ ਜਾ ਕੇ ਫ਼ਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਨਗਰ ਕੌਂਸਲ ਦੀ ਨਵੀਂ ਬਣੀ ਪ੍ਰਧਾਨ ਨੇਹਾ ਤੇ ਚੌਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਾਲ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਫ਼ਤਿਹਜੰਗ ਸਿੰਘ ਅਹਿਮਦੀਆ ਹੈੱਡਕੁਆਰਟਰ ਪਹੁੰਚੇ ਜਿਥੇ ਉਨ੍ਹਾਂ ਨੇ ਅਹਿਮਦੀਆ ਮੁਸਲਿਮ ਜਮਾਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੋਰੀ ਨਾਲ ਮੁਲਾਕਾਤ ਕਰਕੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਮੁਹੰਮਦ ਇਨਾਮ ਗ਼ੋਰੀ ਨੇ ਹਲਕਾ ਵਿਧਾਇਕ ਤੇ ਚੁਣੇ ਗਏ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼ਹਿਰ ਦੀ ਤਰੱਕੀ ਲਈ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਹਲਕਾ ਵਿਧਾਇਕ ਨੂੰ ਸ਼ਹਿਰ ’ਚ ਕਈ ਦਹਾਕਿਆਂ ਤੋਂ ਸਟਰੀਟ ਲਾਈਟਾਂ ਨੂੰ ਚਾਲੂ ਕਰਨ ਲਈ ਕਿਹਾ। ਜਿਸ ’ਤੇ ਹਲਕਾ ਵਿਧਾਇਕ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸਟਰੀਟ ਲਾਈਟਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਨਗਰ ਕੌਂਸਲ ਦੀ ਮਾਲੀ ਹਾਲਤ ਚੰਗੀ ਨਹੀਂ ਸੀ ਪਰ ਹੁਣ ਕੌਂਸਲ ਕੋਲ ਆਪਣੀ ਕਾਫ਼ੀ ਜਾਇਦਾਦਾਂ ਹਨ ਜਿਨ੍ਹਾਂ ਤੋਂ ਕਾਦੀਆਂ ਕਮੇਟੀ ਆਪਣੇ ਪੈਰਾਂ ’ਤੇ ਖੜ੍ਹ ਸਕਦੀ ਹੈ। ਇੱਸ ਤੋਂ ਬਾਅਦ ਸਾਰੇ ਨੇਤਾ ਜਮਾਤੇ ਅਹਿਮਦੀਆ ਦੀ ਪਵਿਤਰ ਮਸਜਿਦ ਮੁਬਾਰਕ ’ਚ ਸਿੱਥਤ ਬੈਤੁਲ ਦੁਆ ਗਏ ਤੇ ਉਥੇ ਸਜਦਾ ਕੀਤਾ। ਨੇਹਾ ਤੇ ਚੌਧਰੀ ਵਾਸੇ ਨੂੰ ਪ੍ਰਧਾਨ ਤੇ ਮੀਤ ਪ੍ਰਧਾਨ ਬਣਾਏ ਜਾਣ ਨਾਲ 2022 ਦੀ ਚੋਣਾਂ ਚ ਇਨ੍ਹਾਂ ਦਾ ਕਾਫ਼ੀ ਅਸਰ ਵੇਖਣ ਨੂੰ ਮਿਲੇਗਾ।

ਨਗਰ ਕੌਂਸਲ ਨਵਾਂਸ਼ਹਿਰ ਦੇ ਸਚਿਨ ਦੀਵਾਨ ਬਣੇ ਪ੍ਰਧਾਨ

ਨਵਾਂਸ਼ਹਿਰ (ਸੁਰਜੀਤ ਮਜਾਰੀ) ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿੱਚ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਦੀ ਅੱਜ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਸਚਿਨ ਦੀਵਾਨ ਨੂੰ ਨਗਰ ਕੌਂਸਲ ਨਵਾਂਸ਼ਹਿਰ ਦਾ ਪ੍ਰਧਾਨ ਚੁਣ ਲਿਆ ਗਿਆ ਜਦੋਂਕਿ ਪ੍ਰਿਥਵੀ ਚੰਦ ਸੀਨੀਅਰ ਮੀਤ ਪ੍ਰਧਾਨ ਤੇ ਸੀਸ ਕੌਰ ਮੀਤ ਪ੍ਰਧਾਨ ਚੁਣੇ ਗਏ। ਕਨਵੀਨਰ-ਕਮ-ਐੱਸਡੀਐੱਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਦੇਖ-ਰੇਖ ਹੋਈ ਇਸ ਚੋਣ ਦੌਰਾਨ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਵੀ ਹਾਜ਼ਰ ਰਹੇ। ਚੋਣ ਤੋਂ ਪਹਿਲਾਂ ਐੱਸਡੀਐੱਮ ਜਗਦੀਸ਼ ਸਿੰਘ ਜੌਹਲ ਵੱਲੋਂ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਮੈਂਬਰ ਕੁਲਵੰਤ ਕੌਰ ਵੱਲੋਂ ਸਚਿਨ ਦੀਵਾਨ ਦਾ ਨਾਂ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਮੈਂਬਰ ਚੇਤ ਰਾਮ ਰਤਨ ਵੱਲੋਂ ਕੀਤੀ ਗਈ। ਇਸ ਮਗਰੋਂ ਮੈਂਬਰ ਸੀਸ ਕੌਰ ਵੱਲੋਂ ਕਮਲਜੀਤ ਲਾਲ ਦਾ ਨਾਂ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ ਪਰ ਮੈਂਬਰ ਕਮਲਜੀਤ ਲਾਲ ਵੱਲੋਂ ਆਪਣੇ ਨਾਂ ਦੀ ਤਜਵੀਜ਼ ਵਾਪਸ ਲੈਂਦੇ ਹੋਏ ਤਜਵੀਜ਼ ਰੱਦ ਕਰ ਦਿੱਤੀ। ਇਸ ਤਰ੍ਹਾਂ ਸਚਿਨ ਦੀਵਾਨ ਦੇ ਮੁਕਾਬਲੇ ’ਤੇ ਪ੍ਰਧਾਨ ਦੇ ਅਹੁਦੇ ਦਾ ਕੋਈ ਹੋਰ ਉਮੀਦਵਾਰ ਨਾ ਹੋਣ ਕਾਰਨ ਸਚਿਨ ਦੀਵਾਨ ਨੂੰ ਜੇਤੂ ਕਰਾਰ ਦਿੱਤਾ ਗਿਆ। ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਮੈਂਬਰਾਂ ਤੋਂ ਤਜਵੀਜ਼ ਮੰਗਣ ’ਤੇ ਮੈਂਬਰ ਕਮਲਜੀਤ ਲਾਲ ਵੱਲੋਂ ਪ੍ਰਿਥਵੀ ਚੰਦ ਦਾ ਨਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ ਤੇ ਇਸ ਦੀ ਤਾਈਦ ਮੈਂਬਰ ਪਰਵੀਨ ਕੁਮਾਰ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਮੈਂਬਰ ਲਲਿਤ ਮੋਹਨ ਵੱਲੋਂ ਸੀਸ ਕੌਰ ਦਾ ਨਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਮੈਂਬਰ ਪਰਮ ਸਿੰਘ ਵੱਲੋਂ ਕੀਤੀ ਗਈ, ਪਰ ਕਨਵੀਨਰ ਵੱਲੋਂ ਵੋਟਿੰਗ ਦਾ ਐਲਾਨ ਕਰਨ ’ਤੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਿਥਵੀ ਚੰਦ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਸੀਸ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ।

ਮਜੀਠਾ ਨਗਰ ਕੌਂਸਲ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਮੁਲਤਵੀ

ਮਜੀਠਾ (ਲਖਨਪਾਲ ਸਿੰਘ) ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਉਪ ਮੰਡਲ ਮਜਿਸਟਰੇਟ ਮਜੀਠਾ ਅਲਕਾ ਕਾਲੀਆਂ (ਚੋਣ ਕਨਵੀਨਰ) ਵੱਲੋਂ ਨਗਰ ਕੌਂਸਲ ਮਜੀਠਾ ਦੇ 13 ਮੈਂਬਰਾਂ ਨੂੰ ਸਹੁੰ ਚੁਕਵਾ ਕੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਪਰ ਦਿੱਤੇ ਗਏ ਸੱਦੇ ਤਹਿਤ ਅੱਜ ਨਗਰ ਕੌਂਸਲ ਮਜੀਠਾ ਦੇ 13 ਮੈਂਬਰਾਂ ਵਿੱਚੋਂ ਕਾਂਗਰਸ ਨਾਲ ਸਬੰਧਤ ਵਾਰਡ ਨੰਬਰ-6 ਤੋਂ ਪਰਮਜੀਤ ਸਿੰਘ ਤੇ ਵਾਰਡ ਨੰਬਰ-7 ਤੋਂ ਪ੍ਰਦੀਪ ਕੌਰ ਦੋ ਮੈਂਬਰ ਹੀ ਹਾਜ਼ਰ ਸਨ, ਜਿਨ੍ਹਾਂ ਨੂੰ ਐੱਸਡੀਐੱਮ ਅਲਕਾ ਕਾਲੀਆ ਨੇ ਸਹੂੰ ਚੁਕਾਈ। ਇਸ ਤੋਂ ਇਲਾਵਾ ਵਾਰਡ ਨੰ. 2 ਤੋਂ ਸੁਰਜੀਤ ਸਿੰਘ, 3 ਤੋਂ ਪਰਮਜੀਤ ਕੌਰ, 4 ਤੋਂ ਸੁਰਜੀਤ ਸਿੰਘ, 5 ਤੋਂ ਪਰਮਜੀਤ ਕੌਰ, 8 ਤੋਂ ਨਰਿੰਦਰ ਨਈਅਰ, 10 ਤੋਂ ਸਲਵੰਤ ਸਿੰਘ, ਵਾਰਡ 11 ਤੋਂ ਦੇਸ ਰਾਜ, 12 ਤੋਂ ਤਰੁਣ ਅਬਰੋਲ ਤੇ 13 ਤੋਂ ਸੁਮਨ ਅਕਾਲੀ ਦਲ ਦੇ 8 ਮੈਂਬਰ ਵੱਲੋਂ ਲਿਖਤੀ ਬਿਨੈ ਪੱਤਰ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ 14 ਅਪਰੈਲ ਨੂੰ ਮੀਟਿੰਗ ਕੀਤੀ ਗਈ ਸੀ , ਜਿਸ ਵਿੱਚ ਇਕ ਮੈਂਬਰ ਨੂੰ ਬੁਖਾਰ ਦੀ ਸ਼ਿਕਾਇਤ ਸੀ। ਜਿਸ ’ਤੇ ਕੋਵਿਡ-19 ਦੇ ਚੱਲਦਿਆਂ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸੀ। ਇਸ ਲਈ ਸਾਰੇ ਮੈਂਬਰ ਕੋਵਿਡ ਦਾ ਟੈਸਟ ਕਰਵਾਉਣ ਤੇ ਉਸ ਦੀ ਰਿਪੋਰਟ ਆਉਣ ਤੱਕ ਹਾਜ਼ਰ ਨਹੀਂ ਹੋ ਸਕਦੇ। ਇਨ੍ਹਾਂ ਤੋਂ ਇਲਾਵਾ ਵਾਰਡ-9 ਤੋਂ ਬਿਮਲਾ ਵੰਤੀ ਨੇ ਲਿਖਤੀ ਬਿਨੈ ਪੱਤਰ ਦਿੱਤਾ ਕਿ ਉਹ ਆਪਣੇ ਸ਼ਹਿਰ ਤੋਂ ਕਿਤੇ ਦੂਰ ਹਨ। ਇਸ ਲਈ ਉਹ ਹਾਜ਼ਰ ਨਹੀਂ ਹੋ ਸਕਦੀ ਤੇ ਵਾਰਡ ਨੰਬਰ 1 ਤੋਂ ਮਨਜੀਤ ਕੌਰ ਨੇ ਲਿਖਤੀ ਬਿਨੈ ਪੱਤਰ ਦਿੱਤਾ ਹੈ ਕਿ ਉਸ ਦੇ ਪਤੀ ਦਾ ਐਕਸੀਡੈਂਟ ਹੋਣ ਕਰਕੇ ਉਹ ਅੱਜ ਹਾਜ਼ਰ ਨਹੀਂ ਹੋ ਸਕਦੀ। ਇਸ ਲਈ ਨਗਰ ਕੌਂਸਲ ਮਜੀਠਾ ਦੇ 13 ਮੈਂਬਰਾਂ ਵਿੱਚੋਂ 11 ਮੈਂਬਰਾਂ ਦੇ ਹਾਜ਼ਰ ਨਾ ਹੋਣ ’ਤੇ ਮੀਟਿੰਗ ਦਾ ਕੋਰਮ ਪੂਰਾ ਨਾ ਹੋਣ ਕਾਰਨ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਦੀ ਕਾਰਵਾਈ ਅੱਗੇ ਪਾ ਦਿੱਤੀ ਗਈ ਹੈ।

ਸਰਬਸੰਮਤੀ ਨਾਲ ਦੁੱਗਲ ਪ੍ਰਧਾਨ ਤੇ ਕੁਸਮ ਉਪ ਪ੍ਰਧਾਨ ਬਣੇ

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ) ਅੱਜ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਚੋਣ ਐੱਸਡੀਐੱਮ ਅਰਸ਼ਦੀਪ ਸਿੰਘ ਲੁਬਾਣਾ ਦੀ ਨਿਗਰਾਨੀ ਹੇਠ ਇਥੇ ਨਗਰ ਕੌਂਸਲ ਦਫਤਰ ਵਿੱਚ ਹੋਈ| ਇਸ ਮੌਕੇ ਸ਼ਹਿਰ ਦੀਆਂ ਕੁੱਲ 13 ਵਾਰਡਾਂ ਤੋਂ ਕੌਂਸਲਰ ਸ਼ਾਮਲ ਹੋਏੇ| ਇਸ ਮੌਕੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਚੋਣ ਪ੍ਰਕ੍ਰਿਰਿਆ ਸ਼ੁਰੂ ਹੋਈ| ਇਸ ਮੌਕੇ ਸਰਬਸੰਮਤੀ ਨਾਲ ਅਸ਼ਵਨੀ ਦੁੱਗਲ ਨੂੰ ਪ੍ਰਧਾਨ ਤੇ ਮੈਡਮ ਕੁਸਮ ਖੋਸਲਾ ਨੂੰ ਉੱਪ ਪ੍ਰਧਾਨ ਚੁਣਿਆ ਗਿਆ| ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਨਵ ਨਿਯੁਕਤ ਪ੍ਰਧਾਨ ਅਸ਼ਵਨੀ ਦੁੱਗਲ ਅੇ ਉੱਪ ਪ੍ਰਧਾਨ ਕੁਸ਼ਮ ਖੋਸਲਾ ਸਣੇ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਸ਼ਹਿਰ ਦੇ ਹਰੇਕ ਵਾਰਡ ਵਿੱਚ ਆਧੁਨਿਕ ਤਕਨੀਕ ਨਾਲ ਵਿਕਾਸ ਕੰਮ ਕਰਵਾਏ ਜਾਣ| ਸ਼ਹਿਰ ਦੇ ਵਿਕਾਸ ਲਈ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ| ਐੱਸਡੀਐੱਮ ਅਰਸ਼ਦੀਪ ਸਿੰਘ ਲੁਬਾਣਾ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਿਕਾਸ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ| ਨਵ ਨਿਯੁਕਤ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਨੇ ਵਿਧਾਇਕ ਬਾਜਵਾ ਨੂੰ ਵਿਸ਼ਵਾਸ ਦਿਵਾਇਆ ਕਿ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਵਿਕਾਸ ਲਈ ਯਤਨਸ਼ੀਲ ਰਹਿਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All