ਪੱਤਰ ਪ੍ਰੇਰਕ
ਪਠਾਨਕੋਟ, 21 ਮਾਰਚ
ਪੰਜਾਬ ਅੰਦਰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਸੀਨੀਅਰ ਆਗੂਆਂ ਦਾ ਅੰਦਰੂਨੀ ਕਲਾ ਕਲੇਸ਼ ਬਣਿਆ ਹੋਇਆ ਹੈ।
ਇਹ ਪ੍ਰਗਟਾਵਾ ਭੋਆ ਵਿਧਾਨ ਸਭਾ ਹਲਕੇ ਅੰਦਰ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਬੁਲਾਈ ਗਈ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ, ਵਰਕਰਾਂ, ਪੰਚਾਂ-ਸਰਪੰਚਾਂ ਦੀ ਵਿਚਾਰ ਚਰਚਾ ਦੌਰਾਨ ਪਾਰਟੀ ਉਮੀਦਵਾਰ ਤੇ ਸਿਟਿੰਗ ਵਿਧਾਇਕ ਜੋਗਿੰਦਰ ਪਾਲ ਨੇ ਕੀਤਾ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਆਏ ਨਤੀਜੇ ਸਭਨਾਂ ਨੂੰ ਹੈਰਾਨ ਕਰਨ ਵਾਲੇ ਸਨ। ਜਿਨ੍ਹਾਂ ਵਿੱਚ ਵੱਡੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਲੋਕਾਂ ਨੇ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਵਿਸ਼ਾਲ ਪਾਰਟੀ ਹੈ, ਜਿਸ ਦਾ ਜਨ ਆਧਾਰ ਬਹੁਤ ਹੈ ਪਰ ਜਿਸ ਤਰ੍ਹਾਂ ਨਾਲ ਵਿਧਾਨ ਸਭਾ ਚੋਣ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਏ ਹਨ, ਇਸ ਉਪਰ ਹਾਈਕਮਾਨ ਅਤੇ ਪਾਰਟੀ ਆਗੂਆਂ ਨੂੰ ਮੰਥਨ ਕਰਨ ਦੀ ਜ਼ਰੂਰਤ ਹੈ। ਪਾਰਟੀ ਦੀ ਵਿਚਾਰਧਾਰਾ ਵਿੱਚ ਵੀ ਬਦਲਾਅ ਲਿਆਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਹਾਰ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਜਨਤਾ ਪੰਜਾਬ ਵਿੱਚ ਬਦਲਾਅ ਚਾਹੁੰਦੀ ਸੀ ਅਤੇ ਬਦਲਾਅ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਜਨਤਾ ਨੇ ਚੁਣਿਆ ਹੈ। ਅਜਿਹੀ ਸਥਿਤੀ ਵਿੱਚ ਵੀ ਉਹ ਪਾਰਟੀ ਵਰਕਰਾਂ ਨਾਲ 24 ਘੰਟੇ ਪਹਾੜ ਦੀ ਤਰ੍ਹਾਂ ਖੜ੍ਹੇ ਹਨ।