ਬਲਵਿੰਦਰ ਸਿੰਘ ਭੰਗੂ
ਭੋਗਪੁਰ, 17 ਫਰਵਰੀ
ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਭੋਗਪੁਰ ਇਲਾਕੇ ਵਿੱਚ ਦੂਜੇ ਸੂਬਿਆਂ ਦੇ ਸੀਨੀਅਰ ਕਾਂਗਰਸੀ ਆਗੂ ਪਹੁੰਚ ਰਹੇ ਹਨ। ਗੁਜਰਾਤ ਦੇ ਸੀਨੀਅਰ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਭੋਗਪੁਰ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਭੱਲਾ ਦੇ ਗ੍ਰਹਿ ਵਿਖੇ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੋਟਲੀ ਦੇ ਹੱਕ ਵਿੱਚ ਰੈਲੀ ਦੌਰਾਨ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਨੇ ਗੁਜਰਾਤ ਦਾ ਵਿਕਾਸ ਰੋਕ ਦਿੱਤਾ ਹੈ ਤੇ ਫਿਰ ਸਾਰੇ ਦੇਸ਼ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਹਿਮਾਚਲ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਕੁਲਦੀਪ ਕੁਮਾਰ ਅਤੇ ਛੱਤੀਸਗੜ੍ਹ ਦੇ ਕਾਂਗਰਸੀ ਮੰਤਰੀ ਵਿਕਾਸ ਉਪਾਧਿਆਇ ਨੇ ਬਹਿਰਾਮ ਸਰਿਸਤਾ ਵਿਖੇ ਅਤੇ ਟਰੱਕ ਯੂਨੀਅਨ ਭੋਗਪੁਰ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਬਿੱਟੂ, ਨੌਜਵਾਨ ਕਾਂਗਰਸੀ ਆਗੂ ਰਵੀ ਨੇ ਸਾਥੀਆਂ ਸਮੇਤ ਸੁਖਵਿੰਦਰ ਕੋਟਲੀ ਦੇ ਹੱਕ ਵਿੱਚ ਸੰਬੋਧਨ ਕੀਤਾ। ਇਸ ਮੌਕੇ ਸ਼ਿਮਲੇ ਤੋਂ ਪਹੁੰਚੇ ਨਰਿੰਦਰ ਸਰਮਾ, ਭੁਪਿੰਦਰ ਸਿੰਘ ਸੈਣੀ, ਮਲਕੀਤ ਸਿੰਘ ਲਾਲੀ, ਸਰਪੰਚ ਜਤਿੰਦਰ ਸਿੰਘ ਤੇ ਪ੍ਰਿੰਸੀਪਲ ਗਿਰਧਾਰੀ ਲਾਲ ਨੇ ਵੀ ਸੰਬੋਧਨ ਕੀਤਾ।