ਦਲਬੀਰ ਸੱਖੋਵਾਲੀਆ
ਬਟਾਲਾ, 13 ਫਰਵਰੀ
ਰਾਜਨੀਤੀ ਵਿੱਚ ਕੁਝ ਪਰਿਵਾਰ ਟਿਕਟਾਂ ਲੈਣ ਵਿੱਚ ਭਾਰੂ ਹੋ ਰਹੇ ਹਨ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ 7 ਸੀਟਾਂ ’ਚੋਂ 5 ਸੀਟਾਂ ’ਤੇ ਟਿਕਟਾਂ ਲੈਣ ਵਿੱਚ ਪਰਿਵਾਰਵਾਦ ਹਮੇਸ਼ਾ ਭਾਰੂ ਰਿਹਾ ਹੈ। ਇਹ ਵਰਤਾਰਾ ਦੋੋਵੇਂ ਰਵਾਇਤੀ ਪਾਰਟੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਪੰਜ ਹਲਕਿਆਂ ਵਿੱਚ ਪਿਤਾ ਤੋਂ ਬਾਅਦ ਪੁੱਤਰ, ਪਰ ਹਲਕਾ ਦੀਨਾਨਗਰ ਵਿੱਚ ਸਹੁਰੇ ਤੋਂ ਬਾਅਦ ਨੂੰਹ ਇਸ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਲੰਘੇ ਛੇ ਦਹਾਕਿਆਂ ਤੋਂ ਵੱਧ ਸਮੇਂ ’ਤੇ ਝਾਤ ਮਾਰਨ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਪਰਿਵਾਰਵਾਦ ਭਾਰੂ ਮਿਲਦਾ ਹੈ। ਵਿਧਾਨ ਸਭਾ ਹਲਕਾ ਬਟਾਲਾ, ਹਲਕਾ ਕਾਦੀਆਂ, ਹਲਕਾ ਫਤਹਿਗੜ੍ਹ ਚੂੜੀਆਂ, ਦੀਨਾਨਗਰ ਅਤੇ ਹਲਕਾ ਡੇਰਾ ਬਾਬਾ ਨਾਨਕ ’ਚ ਇਹ ਵਧ ਦੇਖਣ ਨੂੰ ਮਿਲ ਰਿਹਾ ਹੈ। ਹਲਕਾ ਫਤਹਿਗੜ੍ਹ ਚੂੜੀਆਂ ਤੋਂ ਮੌਜੂਦਾ ਕਾਂਗਰਸੀ ਉਮੀਦਵਾਰ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਪਿਤਾ ਮਰਹੂਮ ਗੁਰਬਚਨ ਸਿੰਘ ਰੰਧਾਵਾ ਨੇ ਪਹਿਲੀ ਚੋਣ 1952 ਵਿੱਚ ਬਟਾਲਾ ਤੋਂ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਫਿਰ 1957 ’ਚ ਹਲਕਾ ਸ਼੍ਰੀਹਰਗੋਬਿੰਦਪੁਰ ਅਤੇ 1969 ਅਤੇ 1972 ਵਿੱਚ ਹਲਕਾ ਕਾਦੀਆਂ ਤੋਂ ਕਾਂਗਰਸ ਪਾਰਟੀ ਤੋਂ ਚੋਣ ਲੜੀ। ਪਿਤਾ ਦੀ ਵਿਰਾਸਤ ਪੁੱਤਰ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸੰਭਾਲ ਲਈ। ਉਸ ਨੇ 1977 ਵਿੱਚ ਪਹਿਲੀ ਚੋਣ ਲੜੀ। ਫਿਰ ਕਾਂਗਰਸ ਤੋਂ 1980,1992 ਅਤੇ 1997 ਵਿੱਚ ਚੋਣ ਲੜੀ। ਇਸੇ ਤਰ੍ਹਾਂ 2002, 2007, 2012 ਅਤੇ 2017 ਵਿੱਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਚੋਣ ਲੜੀ। ਬਾਜਵਾ ਹੁਣ ਇਸੇ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕਾਂਗਰਸ ਨੇ ਇਸ ਪਰਿਵਾਰ ਨੂੰ 13 ਵਾਰ ਟਿਕਟਾਂ ਦਿੱਤੀਆਂ।
ਹਲਕਾ ਕਾਦੀਆਂ ਦੇ ਮਰਹੂਮ ਸਤਨਾਮ ਸਿੰਘ ਬਾਜਵਾ ਦੀ ਵਿਰਾਸਤ ਉਸਦੇ ਦੋ ਪੁੱਤਰ ਸੰਭਾਲ ਰਹੇ ਹਨ। ਮਰਹੂਮ ਬਾਜਵਾ ਦਾ ਪਰਿਵਾਰ ਹੁਣ ਤੱਕ 13 ਵਾਰ ਟਿਕਟਾਂ ਪ੍ਰਾਪਤ ਕਰਨ ’ਚ ਸਫ਼ਲ ਰਿਹਾ। ਹਲਕਾ ਕਾਦੀਆਂ ਤੋਂ ਕਾਂਗਰਸ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਚੋਣ ਲੜ ਰਹੇ ਹਨ। ਫਤਹਿਜੰਗ ਬਾਜਵਾ ਬਟਾਲਾ ਤੋਂ ਭਾਜਪਾ ਉਮੀਦਵਾਰ ਵੱਜੋਂ ਕਿਸਮਤ ਅਜ਼ਮਾ ਰਹੇ ਹਨ। ਉਂਜ ਸਤਨਾਮ ਸਿੰਘ ਬਾਜਵਾ ਨੇ ਸ਼੍ਰੀਹਰਗੋਬਿੰਦਪੁਰ ਤੋਂ 1962 ਤੇ 1967 ’ਚ ਚੋਣ ਜਿੱਤੀ। ਫਿਰ 1969 ਤੇ 1972 ਵਿੱਚ ਅਕਾਲੀ ਦਲ ਤੋਂ ਚੋਣ ਲੜੀ। ਜਦੋਂ ਕਿ 1977 ਅਤੇ 1980 ਵਿੱਚ ਹਲਕਾ ਕਹਾਨੂੰਵਾਨ ਤੋਂ ਕਾਂਗਰਸ ਤੋਂ ਚੋਣ ਲੜੀ। ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਤੋਂ 1992 , 1997,2002 ਤੇ 2007 ਵਿੱਚ ਚੋਣ ਲੜੀ। ਉਸਦੀ ਪਤਨੀ ਚਰਨਜੀਤ ਕੌਰ ਬਾਜਵਾ ਨੇ ਨਵੀਂ ਹੱਦਬੰਦੀ ਤਹਿਤ ਕਾਦੀਆਂ ਹਲਕੇ ਤੋਂ ਚੋਣ ਜਿੱਤੀ। ਫਿਰ 2017 ’ਚ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਹਿਜੰਗ ਬਾਜਵਾ ਨੇ ਕਾਂਗਰਸ ਤੋਂ ਟਿਕਟ ਲੈ ਕੇ ਚੋਣ ਜਿੱਤੀ ।
ਮੌਜੂਦਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਮੌਜੂਦਾ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਮਰਹੂਮ ਸੰਤੋਖ ਸਿੰਘ ਰੰਧਾਵਾ ਨੇ 1969 ’ਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਫਿਰ 1972, 1980 ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜੀ। ਇਸ ਹਲਕੇ ਤੋਂ ਮਰਹੂਮ ਰੰਧਾਵਾ ਦੇ ਪੁੱਤਰ ਸੁਖਜਿੰਦਰ ਸਿੰਘ ਰੰਧਾਵਾ ਨੇ 1997, 2002 ਅਤੇ 2007 ਤੋਂ ਚੋਣ ਲੜੀ। ਪਰ 2012 ’ਚ ਨਵੀਂ ਹੱਦਬੰਦੀ ਤਹਿਤ ਹਲਕਾ ਡੇਰਾ ਬਾਬਾ ਨਾਨਕ ਹੋਂਦ ਵਿੱਚ ਆਉਣ ’ਤੇ ਰੰਧਾਵਾ ਨੇ 2012, 2017 ਤੋਂ ਚੋਣ ਲੜੀ। ਹੁਣ 2022 ਦੀਆਂ ਚੋਣਾਂ ਲੜ ਰਹੇ ਹਨ। ਬਟਾਲਾ ’ਚ ਸੇਖੜੀ ਪਰਿਵਾਰ ਨੇ ਕਾਂਗਰਸ ਪਾਰਟੀ ਤੋਂ 8 ਵਾਰ ਟਿਕਟਾਂ ਲਈਆਂ। ਮੌਜੂਦਾ ਉਮੀਦਵਾਰ ਅਸ਼ਵਨੀ ਸੇਖੜੀ ਦੇ ਪਿਤਾ ਮਰਹੂਮ ਵਿਸ਼ਵਾਮਿੱਤਰ ਸੇਖੜੀ ਨੇ 1972, 1977 ’ਚ ਚੋਣ ਲੜੀ। ਜਦੋਂ ਕਿ 1985 ’ਚ ਉਸਦੇ ਪੁੱਤਰ ਅਸ਼ਵਨੀ ਸੇਖੜੀ ਨੇ ਚੋਣ ਲੜੀ। ਉਨ੍ਹਾਂ 6 ਵਾਰ ਚੋਣ ਲੜੀ। ਉਹ ਹੁਣ ਵੀ ਟਿਕਟ ਲੈਣ ਵਿੱਚ ਸਫ਼ਲ ਰਹੇ।
ਹਲਕਾ ਦੀਨਾਨਗਰ ਤੋਂ ਕਾਂਗਰਸ ਦੀ ਮੌਜੂਦਾ ਉਮੀਦਵਾਰ ਅਰੁਣਾ ਚੌਧਰੀ ਦੇ ਸਹੁਰਾ ਜੈ ਮੁਨੀ ਨੇ 1967,1969, 1972, 1977, 1980 ਤੇ 1985 ’ਚ ਕਾਂਗਰਸ ਵੱਲੋਂ ਚੋਣ ਲੜੀ। ਜਦੋਂ ਕਿ ਮਰਹੂਮ ਜੈ ਮੁਨੀ ਦੀ ਨੂੰਹ ਅਰੁਣਾ ਚੌਧਰੀ ਨੇ 2002 , 2007, 2012, 2017 ਅਤੇ ਹੁਣ ਫਿਰ ਤੋਂ ਚੋਣ ਮੈਦਾਨ ’ਚ ਡਟੀ ਹੈ। ਉਂਜ ਪਰਿਵਾਰਵਾਦ ’ਚ ਸ਼੍ਰੋਮਣੀ ਅਕਾਲੀ ਦਲ ਵੀ ਪਿੱਛੇ ਨਹੀਂ ਰਿਹਾ। ਡੇਰਾ ਬਾਬਾ ਨਾਨਕ ਤੋਂ ਮੌਜੂਦਾ ਅਕਾਲੀ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਨੇ 1980, 1985, 1997, 2002, 2007, 2012 ਅਤੇ 2017 ਵਿੱਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਚੋਣ ਲੜੀ।