ਐੱਨ.ਪੀ. ਧਵਨ
ਪਠਾਨਕੋਟ, 6 ਸਤੰਬਰ
ਹਿੰਦੂ ਅਰਬਨ ਕੋਆਪਰੇਟਿਵ ਬੈਂਕ ਲਿਮਟਿਡ ਪਠਾਨਕੋਟ ਦੇ ਡਾਇਰੈਕਟਰਾਂ ਦੀ ਚੋਣ ਹੋਏ ਨੂੰ ਮਹੀਨਾ ਬੀਤ ਗਿਆ ਹੈ ਪਰ ਇਨ੍ਹਾਂ ਵਿੱਚੋਂ ਚੇਅਰਮੈਨ ਦੀ ਚੋਣ ਲਈ ਕੋਈ ਸਰਬਸੰਮਤੀ ਨਾ ਬਣ ਸਕਣ ਕਾਰਨ ਇਸ ਦਾ ਪੇਚ ਕਾਂਗਰਸ ਪਾਰਟੀ ਅਤੇ ਹੁਕਮਰਾਨ ਆਮ ਆਦਮੀ ਪਾਰਟੀ ਦੇ ਵਿੱਚ ਫਸ ਕੇ ਰਹਿ ਗਿਆ ਹੈ।
ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਉਨ੍ਹਾਂ ਦਾ ਕੋਈ ਡਾਇਰੈਕਟਰ ਚੇਅਰਮੈਨ ਚੁਣਿਆ ਜਾਵੇ ਜਦ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਉਨ੍ਹਾਂ ਦੀ ਇਸ ਸਮੇਂ ਪੰਜਾਬ ਵਿੱਚ ਸਰਕਾਰ ਹੈ, ਇਸ ਕਰਕੇ ਉਨ੍ਹਾਂ ਦਾ ਸਮਰਥਕ ਡਾਇਰੈਕਟਰ ਚੁਣਿਆ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੈਂਕ ਦੀ ਪ੍ਰਬੰਧਕ ਕਮੇਟੀ ਲਈ 6 ਡਾਇਰੈਕਟਰਾਂ ਦੀ ਚੋਣ 4 ਅਗਸਤ ਨੂੰ ਹੋਈ ਸੀ ਜਿਨ੍ਹਾਂ ਵਿੱਚ ਸਤੀਸ਼ ਮਹਿੰਦਰੂ, ਵਿਨੋਦ ਮਹਾਜਨ, ਐੱਸਐੱਸ ਬਾਵਾ, ਅਸ਼ੋਕ ਪਾਲ, ਲਲਿਤ ਭਾਟੀਆ ਅਤੇ ਅਸ਼ਵਨੀ ਕੁਮਾਰ ਡਾਇਰੈਕਟਰ ਚੁਣੇ ਗਏ ਸਨ। ਇਨ੍ਹਾਂ ਵਿੱਚੋਂ 3 ਡਾਇਰੈਕਟਰ ਸਤੀਸ਼ ਮਹਿੰਦਰੂ, ਵਿਨੋਦ ਮਹਾਜਨ ਤੇ ਐੱਸਐੱਸ ਬਾਵਾ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ ਜਦ ਕਿ ਬਾਕੀ 3 ਅਸ਼ੋਕ ਪਾਲ, ਲਲਿਤ ਭਾਟੀਆ ਤੇ ਅਸ਼ਵਨੀ ਕੁਮਾਰ ਆਮ ਆਦਮੀ ਪਾਰਟੀ ਦੇ ਸਮਰਥਕ ਮੰਨੇ ਜਾਂਦੇ ਹਨ। ਆਮ ਆਦਮੀ ਪਾਰਟੀ ਦੇ ਹਾਲ ਹੀ ਵਿੱਚ ਨਿਯੁਕਤ ਹੋਏ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਵਿਭੂਤੀ ਸ਼ਰਮਾ ਦੀ ਇੱਛਾ ਹੈ ਕਿ ਅਸ਼ੋਕ ਪਾਲ ਨੂੰ ਚੇਅਰਮੈਨ ਚੁਣਿਆ ਜਾਵੇ ਕਿਉਂਕਿ ਅਸ਼ੋਕ ਪਾਲ ਕੋਆਪਰੇਟਿਵ ਵਿਭਾਗ ਵਿੱਚੋਂ ਹੀ ਚੰਡੀਗੜ੍ਹ ਤੋਂ ਸੇਵਾਮੁਕਤ ਹੋਏ ਹਨ ਅਤੇ ਉਨ੍ਹਾਂ ਦਾ ਕੋਆਪਰੇਟਿਵ ਬੈਂਕ ਨੂੰ ਚਲਾਉਣ ਵਿੱਚ ਕਾਫੀ ਤਜਰਬਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਮਿਤ ਵਿੱਜ ਚਾਹੁੰਦੇ ਹਨ ਕਿ ਸਤੀਸ਼ ਮਹਿੰਦਰੂ, ਵਿਨੋਦ ਮਹਾਜਨ ਤੇ ਐੱਸਐੱਸ ਬਾਵਾ ਵਿੱਚੋਂ ਕਿਸੇ ਇੱਕ ਨੂੰ ਚੇਅਰਮੈਨ ਚੁਣਿਆ ਜਾਵੇ। ਇਸ ਕੰਮ ਲਈ ਹੁਣ ਤੱਕ 2 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਸਕੀ।
ਪਹਿਲੀ ਮੀਟਿੰਗ 26 ਅਗਸਤ ਨੂੰ ਹੋਈ ਸੀ ਜਦ ਕਿ ਦੂਸਰੀ ਮੀਟਿੰਗ 4 ਸਤੰਬਰ ਨੂੰ ਹੋਈ। ਇਸ ਸਬੰਧੀ ਡਾਇਰੈਕਟਰ ਸਤੀਸ਼ ਮਹਿੰਦਰੂ ਦਾ ਕਹਿਣਾ ਸੀ ਕਿ ਉਹ ਤਾਂ ਬੈਂਕ ਵਿੱਚ ਸੇਵਾ ਕਰਨ ਲਈ ਆਏ ਹਨ ਤੇ ਉਹ ਚਾਹੁੰਦੇ ਹਨ ਕਿ ਇਸ ਬੈਂਕ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾਵੇ ਪਰ ਇੱਥੇ ਰਾਜਨੀਤੀ ਸ਼ੁਰੂ ਹੋ ਗਈ ਹੈ। ਉਹ ਚਾਹੁੰਦੇ ਹਨ ਕਿ ਸੀਨੀਅਰ ਡਾਇਰੈਕਟਰ ਵਿਨੋਦ ਮਹਾਜਨ ਨੂੰ ਚੇਅਰਮੈਨ ਬਣਾ ਦਿੱਤਾ ਜਾਵੇ। ਬੈਂਕ ਦੇ ਸੀਨੀਅਰ ਅਧਿਕਾਰੀ ਰਾਜੀਵ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ 4 ਤਰੀਕ ਨੂੰ 6 ਡਾਇਰੈਕਟਰਾਂ ਵਿੱਚੋਂ 2 ਦੇ ਨਾ ਪੁੱਜ ਸਕਣ ਕਾਰਨ ਮੀਟਿੰਗ ਰੱਦ ਕਰਨੀ ਪਈ।