ਪੱਤਰ ਪ੍ਰੇਰਕ
ਤਰਨ ਤਰਨ, 2 ਅਪਰੈਲ
ਪੰਜਾਬ ਇਸਤਰੀ ਸਭਾ ਵੱਲੋਂ ਇਲਾਕੇ ਦੇ ਕਸਬਾ ਝਬਾਲ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਲਈ ਅੱਜ ਕਾਨਫਰੰਸ ਕੀਤੀ ਗਈ। ਕਾਨਫਰੰਸ ਦੀ ਅਗਵਾਈ ਸਭਾ ਦੀ ਸੂਬਾਈ ਸਰਪ੍ਰਸਤ ਨਰਿੰਦਰਪਾਲ ਨੇ ਕੀਤੀ। ਸਭਾ ਦੀ ਆਗੂ ਰਾਜਿੰਦਰਪਾਲ ਕੌਰ, ਰੁਪਿੰਦਰ ਮਾੜੀਮੇਘਾ, ਸੀਮਾ ਸੋਹਲ, ਕਿਰਨਬੀਰ ਵਲਟੋਹਾ ਤੇ ਹਰਜਿੰਦਰ ਕੌਰ ਨੇ ਲੜਕੀਆਂ ਦੀ ਸਿੱਖਿਆ, ਰੁਜ਼ਗਾਰ, ਮਾਣ ਸਨਮਾਨ ਦੀ ਰਾਖੀ, ਮਹਿੰਗਾਈ ਆਦਿ ਮਸਲਿਆਂ ਦਾ ਸਰਕਾਰ ਵੱਲੋਂ ਹੱਲ ਨਾ ਕਰਨ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਲੜਕੀਆਂ ਨੂੰ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਚੇਤਨ ਹੋਣ ਦੀ ਅਪੀਲ ਕੀਤੀ| ਆਗੂਆਂ ਨੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਨਿੱਤ ਵਾਧਾ ਕਰਨ ਦੀ ਨਿੰਦਾ ਕੀਤੀ ਅਤੇ ਲੜਕੀਆਂ ਲਈ ਗ੍ਰੈਜੂਏਸ਼ਨ ਪੱਧਰ ਤੱਕ ਦੀ ਸਿੱਖਿਆ ਮੁਫਤ ਅਤੇ ਰੁਜ਼ਗਾਰ ਦੀ ਗਾਰੰਟੀ ਦੇਣ ਦੀ ਮੰਗ ਕੀਤੀ। ਉਨ੍ਹਾਂ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਉਣ ਖਿਲਾਫ਼ ਅਤੇ 18 ਸਾਲ ਤੋਂ ਉੱਪਰ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਬਿਨਾਂ ਦੇਰੀ ਦੇ ਦੇਣ ਦੀ ਮੰਗ ਲਈ ਧਰਨਾ ਵੀ ਦਿੱਤਾ| ਕਾਨਫਰੰਸ ਵਿੱਚ ਜਸ਼ਨਪ੍ਰੀਤ ਕੌਰ ਮੰਨਣ ਨੂੰ ਸਭਾ ਦੀ ਜ਼ਿਲ੍ਹਾ ਕਮੇਟੀ ਦਾ ਕੋਆਰਡੀਨੇਟਰ ਅਤੇ ਪਰਮਜੀਤ ਕੌਰ ਸਹਾਇਕ ਕੋਆਰਡੀਨੇਟਰ ਥਾਪਿਆ ਗਿਆ।