ਜੇ.ਬੀ.ਸੇਖੋਂ
ਗੜ੍ਹਸ਼ੰਕਰ, 26 ਜੂਨ
ਗੜ੍ਹਸ਼ੰਕਰ ਤੋਂ ਬਿਸਤ ਦੁਆਬਾ ਨਹਿਰ ਦੇ ਨਾਲ ਨਾਲ ਵਾਇਆ ਕੋਟ ਮੇਹਟੀਆਣਾ ਜਾਣ ਵਾਲੀ ਲਿੰਕ ਸੜਕ ਦੀ ਕਈ ਥਾਵਾਂ ਤੋਂ ਬਦਤਰ ਹੋਈ ਹਾਲਤ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹਨ। ਇਸ ਸੜਕ ਦੀ ਮੁਰੰਮਤ ਵੱਲ ਲੋਕ ਨਿਰਮਾਣ ਵਿਭਾਗ ਵੱਲੋਂ ਕੋਈ ਧਿਆਨ ਨਾ ਦੇਣ ਕਰਕੇ ਸੜਕ ’ਤੇ ਥਾਂ-ਥਾਂ ਖੱਡੇ ਪਏ ਹੋਏ ਹਨ ਅਤੇ ਇਹ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਇਸ ਸੜਕ ਦੀ ਲੰਬਾਈ ਕਰੀਬ ਵੀਹ ਕਿਲੋਮੀਟਰ ਹੈ ਅਤੇ ਇਸ ਸੜਕ ਦਾ ਨਿਰਮਾਣ ਕਾਰਜ ਸਾਲ 2009 ਵਿੱਚ ਮੁਕੰਮਲ ਹੋਇਆ ਸੀ। ਨਿਰਮਾਣ ਕਾਰਜ ਤੋਂ ਪੰਜ ਸਾਲਾਂ ਦੇ ਅੰਦਰ ਹੀ ਸੜਕ ਦੀ ਹਾਲਤ ਖਸਤਾ ਹੋ ਗਈ ਅਤੇ ਸਾਲ 2015-16 ਵਿੱਚ ਲਗਭਗ 42 ਲੱਖ ਰੁਪਏ ਦੇ ਖਰਚ ਨਾਲ ਇਸ ਸੜਕ ਦੀ ਮੁਰੰਮਤ ਕੀਤੀ ਗਈ। ਜਾਣਕਾਰੀ ਅਨੁਸਾਰ ਸਾਲ 2017 ਵਿੱਚ ਸੜਕ ਦੀ ਮੁਰੰਮਤ ਦਾ ਕੰਮ ਖਤਮ ਹੋਇਆ ਸੀ ਪਰ ਅਗਲੇ ਸਾਲ ਹੀ ਸੜਕ ਦੀ ਹਾਲਤ ਮੁੜ ਖਸਤਾ ਹੋ ਗਈ ਅਤੇ ਇਸ ਵੇਲੇ ਇਸ ਸੜਕ ਤੋਂ ਲੰਘਣਾ ਲੋਕਾਂ ਲਈ ਚੁਣੌਤੀ ਬਣ ਗਿਆ ਹੈ। ਸੜਕ ਦੇ ਨੇੜੇ ਪੈਂਦੇ ਪਿੰਡਾਂ ਈਸਪੁਰ, ਪੋਸੀ, ਕਿੱਤਣਾ ਆਦਿ ਦੇ ਵਸਨੀਕਾਂ ਨੇ ਦੱਸਿਆ ਕਿ ਇਕ ਪਾਸੇ ਸੜਕ ਦੀ ਹਾਲਤ ਖਸਤਾ ਹੈ, ਦੂਜੇ ਪਾਸੇ ਸੜਕ ਦੇ ਨਾਲ ਨਾਲ ਚੱਲਦੀ ਬਿਸਤ ਦੁਆਬ ਨਹਿਰ ਦੇ ਸਾਈਫਨ ਅਤੇ ਪੁਲੀਆਂ ਟੁੱਟੀਆਂ ਹੋਈਆਂ ਹਨ ਅਤੇ ਦੋਵੇਂ ਪਾਸੇ ਹਾਦਸਿਆਂ ਦਾ ਭੈਅ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਮੀਂਹ ਨਾਲ ਹੀ ਸੜਕ ’ਤੇ ਕਈ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਮੰਡੀ ਨੂੰ ਅਨਾਜ ਲੈ ਕੇ ਜਾਂਦੇ ਕਿਸਾਨਾਂ ਦੇ ਵਾਹਨ ਇੱਥੇ ਅਕਸਰ ਹਾਦਸਾਗ੍ਰਸਤ ਹੁੰਦੇ ਹਨ। ਇਸ ਬਾਰੇ ਐਕਸੀਅਨ ਕਮਲ ਨੈਣ ਨੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਸਬੰਧੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਹੋ ਗਈ ਹੈ ਅਤੇ ਜਲਦ ਹੀ ਇਸ ਪਾਸੇ ਕਾਰਵਾਈ ਹੋਵੇਗੀ।