ਕੇ.ਪੀ. ਸਿੰਘ
ਗੁਰਦਾਸਪੁਰ, 21 ਮਾਰਚ
ਕਰੀਬ ਦੋ ਦਹਾਕੇ ਜ਼ਿਲ੍ਹਾ ਸਾਹਿਤ ਕੇਂਦਰ ,ਗੁਰਦਾਸਪੁਰ ਦੇ ਪ੍ਰਧਾਨ ਰਹੇ ਪ੍ਰੋ. ਕਿਰਪਾਲ ਸਿੰਘ ਯੋਗੀ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਸਥਾਨਕ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਭਵਨ ਵਿੱਚ ਕਰਵਾਇਆ ਗਿਆ । ਇਸ ਮੌਕੇ ਮੱਖਣ ਕੁਹਾੜ, ਡਾ ਪਰਮਜੀਤ ਕਲਸੀ, ਡਾ ਲੇਖ ਰਾਜ, ਮੰਗਤ ਚੰਚਲ, ਪ੍ਰਤਾਪ ਪਾਰਸ, ਵਰਗਿਸ ਸਲਾਮਤ, ਤਰਸੇਮ ਭੰਗੂ ਨੇ ਪ੍ਰੋਫੈਸਰ ਸਾਹਿਬ ਵੱਲੋਂ ਸਾਹਿਤ ਫੁਲਵਾੜੀ ਨੂੰ ਰੰਗੀਨ ਅਤੇ ਮਹਿਕਾਂ ਭਰਪੂਰ ਕਰਨ ਹਿਤ ਪਾਏ ਯੋਗਦਾਨ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਪ੍ਰਸਿੱਧ ਲੋਕ ਕਵੀ ਅਤੇ ਅਗਾਂਹ ਵਧੂ ਸੋਚ ਦੇ ਧਾਰਨੀ ਕਾਮਰੇਡ ਮੁਲਖ ਰਾਜ ਨੂੰ ਪ੍ਰੋ. ਕਿਰਪਾਲ ਸਿੰਘ ਯੋਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ । ਇਸ ਮੌਕੇ ਹਰਪ੍ਰੀਤ ਸਿੰਮੀ ਵੱਲੋਂ ਤਿਆਰ ਕੀਤਾ ਗਿਆ ਪ੍ਰੋ. ਕਿਰਪਾਲ ਸਿੰਘ ਯੋਗੀ ਦਾ ਖ਼ੂਬਸੂਰਤ ਪੋਰਟਰੇਟ ਪਰਿਵਾਰ ਨੂੰ ਭੇਟ ਕੀਤਾ ਗਿਆ। ਦੂਸਰੇ ਦੌਰ ਵਿੱਚ ਮੱਖਣ ਕੁਹਾੜ, ਵਰਗਿਸ ਸਲਾਮਤ, ਡਾ ਲੇਖ ਰਾਜ ਆਦਿ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਕਰਵਾਇਆ ਗਿਆ। ਇਸ ਦੇ ਨਾਲ ਹੀ ਵਰਗਿਸ ਸਲਾਮਤ ਦੀ ਪੁਸਤਕ ‘ਤੰਦ ਅਤੇ ਤਾਣੀ’ ਰਿਲੀਜ਼ ਕੀਤੀ ਗਈ।