ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 23 ਜੁਲਾਈ
ਜੰਡਿਆਲਾ ਗੁਰੂ ਬਲਾਕ ਦੇ ਅਧੀਨ ਆਉਂਦੇ ਪਿੰਡ ਮਿਹੋਕਾ ਦੀ ਪੰਚਾਇਤੀ ਜ਼ਮੀਨ ਉਪਰ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਰੁੱਖ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਸਰਪੰਚ ਗੁਰਮੀਤ ਕੌਰ, ਪੰਚ ਪ੍ਰਗਟ ਸਿੰਘ, ਜੋਗਿੰਦਰ ਕੌਰ ਅਤੇ ਸਾਬਕਾ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿੰਡ ਵਿੱਚ ਖਸਰਾ ਨੰਬਰ 75 ਤੇ 76 ਜੋ ਕੁੱਲ ਜਗ੍ਹਾ ਅੱਠ ਮਰਲੇ ਹੈ, ਇਸ ਵਿੱਚ ਇੱਕ ਪਿੱਪਲ ਦਾ ਰੁੱਖ ਅਤੇ ਤਿੰਨ ਧਰੇਕ ਦੇ ਰੁੱਖ ਲੱਗੇ ਹੋਏ ਸਨ। ਇਸੇ ਹੀ ਪਿੰਡ ਦੇ ਰਹਿਣ ਵਾਲੇ ਕੁਝ ਵਿਅਕਤੀਆਂ ਨੇ ਪੰਚਾਇਤ ਦੀ ਉਕਤ ਜਗ੍ਹਾ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਨੇ ਚਾਰ ਰੁੱਖ ਕੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਇਸ ਦੀ ਲਿਖਤੀ ਸ਼ਿਕਾਇਤ ਬੀਡੀਪੀਓ ਦਫਤਰ ਅਤੇ ਥਾਣਾ ਜੰਡਿਆਲਾ ਗੁਰੂ ਨੂੰ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਸ ਘੜੁੱਕੇ ਉੱਪਰ ਰੁੱਖ ਵੱਢ ਕੇ ਲੱਦੇ ਹੋਏ ਸਨ, ਉਹ ਵੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਿੰਡ ਮਹੁਕਾ ਦੀ ਸਰਪੰਚ ਅਤੇ ਪੰਚਾਇਤ ਨੇ ਕਥਿਤ ਦੋਸ਼ੀਆਂ ਕੋਲੋਂ ਪੰਚਾਇਤੀ ਜ਼ਮੀਨ ਛੁਡਵਾਉਣ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਏਐੱਸਆਈ ਹਰਜਿੰਦਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਜਾਂਚ ਕੀਤੀ ਜਾਵੇਗੀ ਕਿ ਜਗ੍ਹਾ ਦਾ ਅਸਲੀ ਮਾਲਕ ਕੌਣ ਹੈ, ਉਸ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।