ਕੇ.ਪੀ. ਸਿੰਘ
ਗੁਰਦਾਸਪੁਰ, 13 ਸਤੰਬਰ
ਇੱਥੋਂ ਦੇ ਦੁਕਾਨਦਾਰਾਂ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਨੌਸਰਬਾਜ਼ ਵਿਅਕਤੀ ਬਾਰੇ ਸ਼ਿਕਾਇਤ ਕੀਤੀ ਹੈ ਜੋ ਖ਼ੁਦ ਨੂੰ ਫੂਡ ਇੰਸਪੈਕਟਰ ਦੱਸ ਕੇ ਉਨ੍ਹਾਂ ਨੂੰ ਫੂਡ ਲਾਇਸੈਂਸ ਅਪਲਾਈ ਕਰਨ ਜਾਂ ਮੈਡੀਕਲ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਸੈਂਪਲ ਭਰਨ ਸਬੰਧੀ ਡਰਾ-ਧਮਕਾ ਰਿਹਾ ਹੈ। ਖ਼ੁਦ ਦਾ ਨਾਮ ਹਰਪ੍ਰੀਤ ਸਿੰਘ ਦੱਸਣ ਵਾਲਾ ਇਹ ਵਿਅਕਤੀ ਦੁਕਾਨਦਾਰਾਂ ਤੋਂ ਪੈਸਿਆਂ ਦੀ ਮੰਗ ਵੀ ਕਰ ਰਿਹਾ ਹੈ।
ਇਹ ਮਾਮਲਾ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਡਾ. ਜੀ.ਐੱਸ. ਪੰਨੂ ਦੇ ਧਿਆਨ ਵਿੱਚ ਆਉਣ ’ਤੇ ਉਨ੍ਹਾਂ ਦੱਸਿਆ ਕਿ ਇਸ ਨਾਮ ਦਾ ਕੋਈ ਵੀ ਫੂਡ ਇੰਸਪੈਕਟਰ ਉਨ੍ਹਾਂ ਦੇ ਦਫ਼ਤਰ ਵਿੱਚ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਹੈ। ਇਸ ਲਈ ਜੇਕਰ ਕੋਈ ਵਿਅਕਤੀ ਕਿਸੇ ਵੀ ਦੁਕਾਨਦਾਰ ਨੂੰ ਅਜਿਹਾ ਕਰ ਕੇ ਡਰਾਉਂਦਾ ਧਮਕਾਉਂਦਾ ਹੈ ਅਤੇ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਉਨ੍ਹਾਂ ਦੇ ਦਫ਼ਤਰ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰ ਅਜਿਹੇ ਨੌਸਰਬਾਜ਼ਾਂ ਤੋਂ ਸਾਵਧਾਨ ਰਹਿਣ। ਡਾ. ਪੰਨੂ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਹੈ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਵੀ ਇਹ ਪ੍ਰਾਪਤ ਹੋਈ ਸ਼ਿਕਾਇਤ ਮੂਲ ਰੂਪ ਵਿੱਚ ਭੇਜ ਦਿੱਤੀ ਹੈ।