ਨਰਿੰਦਰ ਸਿੰਘ
ਭਿੱਖੀਵਿੰਡ, 22 ਜੁਲਾਈ
ਜ਼ਿਲ੍ਹਾ ਤਰਨਤਾਰਨ ਦੇ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਾਨਕਪੁਰਾ ਦੇ ਛੱਪੜ ਵਿਚੋਂ ਮਿੱਟੀ ਦੀ ਮਾਈਨਿੰਗ ਦਾ ਮੁੱਦਾ ਪਿੰਡ ਵਾਸੀਆਂ ਵੱਲੋਂ ਚੁੱਕਦੇ ਹੋਏ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਕੋਲ ਕੀਤੀ ਹੈ।
ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਧਰਮਿੰਦਰ ਸਿੰਘ ਦੀਪ ਵਲੋਂ ਪਿਛਲੇ ਲੰਮੇ ਸਮੇਂ ਛੱਪੜ ਵਿਚ ਜੇਸੀਬੀ ਰਾਹੀਂ ਮਿੱਟੀ ਦੀ ਗੈਰ ਕਾਨੂੰਨੀ ਖੁਦਾਈ ਕੀਤੀ ਹੈ ਅਤੇ ਮਿੱਟੀ ਵੇਚ ਦਿੱਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਪੰਚ ਵਲੋਂ ਪਿੰਡ ਦੇ ਸਰਕਾਰੀ ਸਕੂਲ ਵਿਚੋਂ ਰੁੱਖਾਂ ਦੀ ਕਟਾਈ ਕੀਤੀ ਗਈ ਹੈ। ਇਸ ਸਬੰਧੀ ਜਦ ਸਕੂਲ ਦੀ ਪ੍ਰਿੰਸੀਪਲ ਮੈਡਮ ਸਵਰਾਜ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਰਪੰਚ ਦਾ ਨਾਂ ਲਏ ਬਿਨਾਂ ਰੁੱਖਾਂ ਦੇ ਚੋਰੀ ਹੋਣ ਦੀ ਗੱਲ ਕਹੀ ਅਤੇ ਇਸ ਸਬੰਧੀ ਕੀਤੀ ਸ਼ਿਕਾਇਤ ਦੀ ਪੁਸ਼ਟੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਸਰਕਾਰੀ ਖਾਲ ਦੇ ਕੰਢੇ ਲੱਗੇ ਰੁੱਖ ਵੀ ਸਰਪੰਚ ਨੇ ਵੱਡ ਕੇ ਵੇਚ ਦਿੱਤੇ ਹਨ ਅਤੇ ਸਰਕਾਰੀ ਖਾਲ ਦੀਆਂ ਇੱਟਾਂ ਵੀ ਦੁਰਵਰਤੋਂ ਕਰਨ ਲਈ ਸਕੂਲ ਵਿਚ ਇਕੱਤਰ ਕੀਤੀਆਂ ਹਨ। ਇਸ ਸਬੰਧੀ ਜਦ ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ ਨਕਾਰਦੇ ਹੋਏ ਕਿਹਾ ਕਿ ਵਿਰੋਧੀਆਂ ਕੋਲੋਂ ਉਨ੍ਹਾਂ ਵਲੋਂ ਕੀਤਾ ਵਿਕਾਸ ਬਰਦਾਸ਼ਤ ਨਹੀਂ ਹੁੰਦਾ। ਇਸ ਕਰਕੇ ਉਹ ਅਜਿਹੇ ਮੁੱਦੇ ਚੁੱਕ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੀ ਕਹਿੰਦੇ ਨੇ ਐੱਸਡੀਐੱਮ
ਇਸ ਬਾਰੇ ਐੱਸਡੀਐੱਮ ਪੱਟੀ ਰਾਜੇਸ਼ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਬੀਡੀਪੀਓ ਰਾਹੀਂ ਜਾਂਚ ਕਰਵਾਉਣਗੇ ਅਤੇ ਜੇਕਰ ਇਸ ਮਾਮਲੇ ਵਿਚ ਸਰਪੰਚ ਦੋਸ਼ੀ ਪਾਇਆ ਗਿਆ ਤਾਂ ਉਹ ਉਸ ਨੂੰ ਬਰਖਾਸਤ ਕਰ ਪ੍ਰਬੰਧਕ ਲਗਾਉਣਗੇ, ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਖਾਲ ਦੇ ਰੁੱਖ ਵੱਢੇ ਜਾਣ ਅਤੇ ਇੱਟਾਂ ਪੁੱਟੇ ਜਾਣ ਦੀ ਰਿਪੋਰਟ ਵੀ ਸਬੰਧਤ ਅਧਿਕਾਰੀਆਂ ਕੋਲੋ ਲੈਣਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕਰਨਗੇ।
ਸਰਕਾਰ ਬਣਨ ’ਤੇ ਅਜਿਹੇ ਸਰਪੰਚਾਂ ਕੋਲੋਂ ਲਵਾਂਗੇ ਹਿਸਾਬ: ਵਿਧਾਇਕ
ਖੇਮਕਰਨ ਦੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਨੇ ਕਿਹਾ ਕਿ ਇਕੱਲੇ ਮਾਨਕਪੁਰਾ ਪਿੰਡ ਵਿਚ ਹੀ ਨਹੀਂ ਹਲਕੇ ਦੇ ਹੋਰਨਾਂ ਕਈ ਪਿੰਡਾਂ ਵਿਚ ਵੀ ਮਾਈਨਿੰਗ ਵੱਡੇ ਪੱਧਰ ’ਤੇ ਹੋ ਰਹੀ ਹੈ। ਉਨ੍ਹਾਂ ਪਿੰਡ ਦੇ ਸਕੂਲ ਅਤੇ ਸਰਕਾਰੀ ਖਾਲ ਦੇ ਰੁੱਖ ਵੱਢਣ ਅਤੇ ਇੱਟਾਂ ਪੁੱਟਣ ਦੇ ਮਾਮਲੇ ਦੀ ਵੀ ਉੱਚ ਅਧਿਕਾਰੀਆਂ ਕੋਲੋਂ ਜਾਂਚ ਦੀ ਮੰਗ ਕੀਤੀ ਨਾਲ ਹੀ ਕਿਹਾ ਕਿ 2022 ਵਿਚ ਅਕਾਲੀ ਬਸਪਾ ਸਰਕਾਰ ਆਉਣ ਤੇ ਅਜਿਹੇ ਸਰਪੰਚਾਂ ਕੋਲੋਂ ਅਜਿਹੇ ਗ਼ਲਤ ਕੀਤੇ ਕੰਮਾਂ ਦਾ ਹਿਸਾਬ ਲਿਆ ਜਾਵੇਗਾ।