ਖੇਤਰੀ ਪ੍ਰਤੀਨਿਧ
ਬਟਾਲਾ, 14 ਅਗਸਤ
ਪਤੀ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਰੋਜ਼ ਦੇ ਝਗੜੇ ਤੋਂ ਤੰਗ ਆ ਕੇ ਵਿਆਹੁਤਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਾਨੀਆ ਕੌਰ (24) ਵਾਸੀ ਸਟਾਫ ਰੋਡ ਵਜੋਂ ਹੋਈ। ਪੁਲੀਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮ੍ਰਿਤਕਾ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਹੈ।
ਇਸ ਸਬੰਧੀ ਪੁਲੀਸ ਚੌਕੀ ਸਿੰਬਲ ਚੌਕ ਦੇ ਇੰਚਾਰਜ ਏਐੱਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕਾ ਸਾਨੀਆ ਕੌਰ ਦੇ ਭਰਾ ਮੋਹਿਤ ਵਾਸੀ ਸਟਾਫ ਰੋਡ ਨੇ ਦੱਸਿਆ ਕਿ ਉਸ ਦੀ ਭੈਣ ਸਾਨੀਆ ਦਾ ਵਿਆਹ ਸੁਰਿੰਦਰ ਸਿੰਘ ਵਾਸੀ ਭੈਣੀ ਬਾਂਗਰ ਨਾਲ ਹੋਇਆ ਸੀ ਅਤੇ ਉਸ ਦਾ ਜੀਜਾ ਉਸ ਦੀ ਭੈਣ ਦੀ ਅਕਸਰ ਕੁੱਟਮਾਰ ਕਰਦਾ ਸੀ। ਉਸ ਦੀਆਂ ਵਧੀਕੀਆਂ ਅਤੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਸ ਦੀ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੇ ਆਪਣੀ ਭੈਣ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏਐੱਸਆਈ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ਦਰਜ ਕਰਕੇ ਉਸ ਦੇ ਪਤੀ ਖਿਲਾਫ਼ ਥਾਣਾ ਸਿਵਲ ਲਾਈਨਜ਼ ਵਿੱਚ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।