ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 30 ਸਤੰਬਰ
ਪਿੰਡ ਸਠਿਆਲੀ ਵਿੱਚ ਬਿਨਾਂ ਐੱਸਐੱਮਐੱਸ ਵਾਲੀ ਕੰਬਾਈਨ ਮਸ਼ੀਨ ਨਾਲ ਝੋਨੇ ਦੀ ਕਟਾਈ ਕਰਨ ਉੱਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੁਲੀਸ ਦੀ ਹਾਜ਼ਰੀ ਵਿੱਚ ਕੰਬਾਈਨ ਮਾਲਕ ਦਾ ਚਲਾਨ ਕੱਟਣ ’ਤੇ ਤਕਰਾਰ ਹੋ ਗਈ। ਇਸ ਕਾਰਵਾਈ ਤੋਂ ਕੰਬਾਈਨ ਮਾਲਕ ਅਤੇ ਕਿਸਾਨ ਭੜਕ ਗਏ ਅਤੇ ਉਨ੍ਹਾਂ ਮਿਲ ਕੇ ਨੇੜਲੇ ਪੁਲ ਸਠਿਆਲੀ ’ਤੇ ਧਰਨਾ ਲਗਾ ਕੇ ਸ੍ਰੀਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ਪੂਰੀ ਤਰ੍ਹਾਂ ਜਾਮ ਕਰ ਦਿੱਤਾ।
ਇਸ ਮੌਕੇ ਕੰਬਾਈਨ ਮਾਲਕ ਅਤੇ ਕਿਸਾਨ ਯੂਨੀਅਨ ਦੇ ਆਗੂ ਰਣਬੀਰ ਸਿੰਘ ਡੁਗਰੀ, ਸੋਹਣ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਨੇ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਕੰਬਾਈਨ ਮਾਲਕ ਨਾਲ ਧੱਕੇਸ਼ਾਹੀ ਕਰਦਿਆਂ ਉਸ ਨਾਲ ਕਥਿਤ ਗਾਲੀ-ਗਲੋਚ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੰਬਾਈਨ ਮਸ਼ੀਨ ਵਿੱਚ ਐੱਸ ਐਮ ਐੱਸ ਲਗਾਉਣ ਨਾਲ ਉਸ ਦੀ ਕਟਾਈ ਕਰਨ ਦੀ ਸਮਰੱਥ ਅੱਧੀ ਦੇ ਕਰੀਬ ਰਹਿ ਜਾਂਦੀ ਹੈ ਜਿਸ ਕਾਰਨ ਮਸ਼ੀਨ ਠੀਕ ਤਰੀਕੇ ਨਾਲ ਕਟਾਈ ਦਾ ਕੰਮ ਨਹੀਂ ਕਰਦੀ ਅਤੇ ਫ਼ਸਲ ਦੇ ਬਹੁਤ ਸਾਰੇ ਦਾਣੇ ਖੇਤ ਵਿੱਚ ਬੇਕਾਰ ਹੀ ਚਲੇ ਜਾਂਦੇ ਹਨ। ਇਸ ਕਾਰਨ ਦੂਸਰਾ ਨੁਕਸਾਨ ਇਹ ਹੈ ਕਿ ਐੱਸ ਐਮ ਐੱਸ ਲਗਾ ਕੇ ਪ੍ਰਤੀ ਕੰਬਾਈਨ ਇਕ ਦਿਨ ਵਿੱਚ 10 ਏਕੜ ਤੋਂ ਵੱਧ ਝੋਨੇ ਦੀ ਕਟਾਈ ਨਹੀਂ ਹੋ ਸਕਦੀ ਜਦਕਿ ਆਮ ਹਾਲਤਾਂ ਵਿੱਚ ਇਹ ਕੰਬਾਈਨ 22 ਏਕੜ ਤੱਕ ਟਕਾਈ ਦਾ ਕੰਮ ਨਿਪਟਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੰਬਾਈਨ ਨਾਲ ਐੱਸਐਮਐੱਸ ਲਗਾਏ ਬਗੈਰ ਝੋਨੇ ਦੀ ਕਟਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਨਾਇਬ ਤਹਿਸੀਲਦਾਰ ਹਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀਆਂ ਸਖ਼ਤ ਹਦਾਇਤਾਂ ਦੇ ਚੱਲਦਿਆਂ ਅੱਜ ਜਦੋਂ ਇੱਕ ਕੰਬਾਈਨ ਨੂੰ ਐੱਸਐਮਐੱਸ ਦੇ ਬਗੈਰ ਕਟਾਈ ਕਰਨ ਉੱਤੇ ਰੋਕਿਆ ਗਿਆ ਤਾਂ ਕੰਬਾਈਨ ਮਾਲਕਾਂ ਨੇ ਕਿਸਾਨਾਂ ਨਾਲ ਮਿਲ ਕੇ ਸੜਕ ਜਾਮ ਕਰ ਦਿੱਤੀ।
ਬਿਨਾਂ ਐੱਸਐਮਐੱਸ ਕਟਾਈ ਜਾਰੀ ਰੱਖਣ ਦਾ ਫ਼ੈਸਲਾ
ਕੰਬਾਈਨ ਮਾਲਕਾਂ ਅਤੇ ਕਿਸਾਨਾਂ ਵੱਲੋਂ ਸ਼ਾਮ ਤੱਕ ਧਰਨਾ ਲਗਾਏ ਜਾਣ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਆਖ਼ਰਕਾਰ ਕੰਬਾਈਨ ਮਾਲਕਾਂ ਨੇ ਫ਼ੈਸਲਾ ਕੀਤਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਦੀ ਸਮੱਸਿਆ ਵੱਲ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ ਹੈ ਤਾਂ ਉਹ ਆਪਣੀਆਂ ਕੰਬਾਈਨਾਂ ਬਿਨਾਂ ਐੱਸਐਮਐੱਸ ਦੇ ਚਲਾ ਕੇ ਝੋਨੇ ਦੀ ਕਟਾਈ ਜਾਰੀ ਰੱਖਣਗੇ। ਜੇਕਰ ਫਿਰ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤਾਂ ਉਹ ਇਕੱਠੇ ਹੋ ਕੇ ਸਖ਼ਤੀ ਨਾਲ ਵਿਰੋਧ ਕਰਨਗੇ।