ਗੁਰਬਖਸ਼ਪੁਰੀ
ਤਰਨ ਤਾਰਨ, 25 ਜਨਵਰੀ
ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਇੱਕ ਦਰਜਾ ਚਾਰ ਮੁਲਾਜ਼ਮ ਜੱਗਪ੍ਰੀਤ ਸਿੰਘ ਨੇ ਆਪਣੇ ਸਾਥੀ ਨਾਲ ਮਿਲਕੇ ਕਾਲਜ ਦੇ ਪ੍ਰਿੰਸੀਪਲ ਉੱਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ| ਮੁਲਜ਼ਮਾਂ ਨੇ ਪ੍ਰਿੰਸੀਪਲ ਹਰਵਿੰਦਰ ਸਿੰਘ ਭੱਲਾ ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਕਾਲਜ ਕੰਪਲੈਕਸ ਅੰਦਰ ਚੱਕਰ ਮਾਰ ਰਿਹਾ ਸੀ| ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਜੱਗਪ੍ਰੀਤ ਸਿੰਘ ਅਤੇ ਉਸ ਦਾ ਸਾਥੀ ਗੌਰਵ ਸ਼ਾਮਲ ਹਨ| ਮੁਲਜ਼ਮਾਂ ਨੇ ਪ੍ਰਿੰਸੀਪਲ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ| ਪ੍ਰਿੰਸੀਪਲ ਦਾ ਮੋਬਾਈਲ ਖੋਹ ਕੇ ਤੋੜਨ ਦੀ ਕੋਸ਼ਿਸ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ| ਪ੍ਰਿੰਸੀਪਲ ਨੇ ਦੱਸਿਆ ਕਿ ਜੱਗਪ੍ਰੀਤ ਸਿੰਘ ਕਾਲਜ ਦਾ ਚੌਕੀਦਾਰ ਹੈ ਜਦਕਿ ਉਸ ਦਾ ਸਾਥੀ ਗੌਰਵ ਕਾਲਜ ਦੇ ਇੱਕ ਅਧਿਆਪਕ ਦੀ ਕਾਰ ਦਾ ਡਰਾਈਵਰ ਹੈ| ਵਾਰਦਾਤ ਉਪਰੰਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ| ਪੁਲੀਸ ਨੇ ਇਸ ਸਬੰਧੀ ਧਾਰਾ 341, 323, 506, 34 ਅਧੀਨ ਕੇਸ ਦਰਜ ਕੀਤਾ ਹੈ| ਇਹ ਸਾਰੀ ਵਾਰਦਾਤ ਕਾਲਜ ਦੇ ਸੀਸੀਟੀਵੀ ਕੈਮਰਿਆਂ ਵਿੱਚ ਆ ਗਈ ਗਈ ਹੈ| ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਕਾਲਜ ਦਾ ਚੌਕੀਦਾਰ ਜੱਗਪ੍ਰੀਤ ਸਿੰਘ ਕੰਮ ਤੋਂ ਜੀਅ ਚੁਰਾਉਂਦਾ ਸੀ ਜਿਸ ਨੂੰ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਭੱਲਾ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਸਨ। ਇਸੇ ਗੱਲ ਤੋਂ ਚਿੜ ਕੇ ਮੁਲਜ਼ਮ ਜੱਗਪ੍ਰੀਤ ਸਿੰਘ ਨੇ ਆਪਣੇ ਸਾਥੀ ਗੌਰਵ ਨੂੰ ਨਾਲ ਲੈ ਕੇ ਪ੍ਰਿੰਸੀਪਲ ’ਤੇ ਹਮਲਾ ਕਰ ਦਿੱਤਾ|