ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 8 ਮਈ
ਸਰਕਲ ਗੋਇੰਦਵਾਲ ਸਾਹਿਬ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੇਚਣ ਦੇ ਮਾਮਲੇ ਵਿਚ ਆਬਕਾਰੀ ਵਿਭਾਗ ਨੇ ਠੇਕੇਦਾਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਠੇਕੇਦਾਰਾਂ ਵੱਲੋਂ ਬੱਚਿਆ ਨੂੰ ਸ਼ਰਾਬ ਵੇਚਣ ਦਾ ਮਾਮਲਾ ਉਜਾਗਰ ਹੋਇਆ ਸੀ, ਜਿਸ ਤੋਂ ਬਾਅਦ ਕਾਰਵਾਈ ਦੀ ਗੱਲ ਕਰਨ ਵਾਲੇ ਆਬਕਾਰੀ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਦੋ ਹਫ਼ਤੇ ਬੀਤਣ ਦੇ ਬਾਵਜੂਦ ਸ਼ਰਾਬ ਠੇਕੇਦਾਰਾਂ ਖ਼ਿਲਾਫ਼ ਕੋਈ ਕਾਰਵਾਈ ਕਰਨਾ ਜ਼ਰੂਰੀ ਨਾ ਸਮਝਦੇ ਹੋਏ ਠੇਕੇਦਾਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਮਾਮਲੇ ਬਾਬਤ ਐਕਸਾਈਜ਼ ਵਿਭਾਗ ਦੇ ਈਟੀਓ ਨਵਤੇਜ ਭਾਰਤੀ ਨੇ ਕੋਈ ਵੀ ਜਵਾਬ ਦੇਣ ਤੋਂ ਪਾਸਾ ਵੱਟਿਆ ਹੋਇਆ ਹੈ। ਇਸ ਸਬੰਧੀ ਅਮਨਦੀਪ ਸਿੰਘ, ਗੁਰਮੀਤ ਸਿੰਘ, ਗੁਰਸਿਮਰਨ ਸਿੰਘ ਆਦਿ ਨੇ ਆਖਿਆ ਕਿ ਆਬਕਾਰੀ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਸ਼ਰਾਬ ਠੇਕੇਦਾਰ ਆਪਣੀਆਂ ਮਨਮਾਨੀਆਂ ਕਰਦੇ ਹਨ, ਜੋ ਆਪਣੇ ਨਿੱਜੀ ਮੁਫਾਦ ਲਈ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੇਚਣ ਤੋਂ ਵੀ ਸੰਕੋਚ ਨਹੀਂ ਕਰਦੇ, ਜਿਨ੍ਹਾ ਖ਼ਿਲਾਫ਼ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਮਿਆਦ ਪੁੱਗੀ ਬੀਅਰ ਵੇਚ ਰਹੇ ਨੇ ਠੇਕੇਦਾਰ
ਪੰਜਾਬ ਸਰਕਾਰ ਜਿੱਥੇ ਹਰ ਵਿਭਾਗ ’ਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਦਾ ਸਿਕੰਜ਼ਾ ਕੱਸ ਰਹੀ ਹੈ। ਉੱਥੇ ਹੀ ਆਬਕਾਰੀ ਵਿਭਾਗ ਦੀ ਸਵੱਲੀ ਨਜ਼ਰ ਦੇ ਚੱਲਦਿਆਂ ਸ਼ਰਾਬ ਠੇਕੇਦਾਰ ਧੜੱਲੇ ਨਾਲ ਮਿਆਦ ਪੁੱਗੀਆਂ ਬੀਅਰ ਦੀਆਂ ਬੋਤਲਾਂ ਵੇਚ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ ਅਤੇ ਗਾਹਕਾਂ ਕੋਲੋਂ ਮਨਮਰਜ਼ੀ ਦੇ ਭਾਅ ਵੀ ਵਸੂਲ ਰਹੇ ਹਨ, ਜਿਨ੍ਹਾ ਖ਼ਿਲਾਫ਼ ਕਾਰਵਾਈ ਕਰਨ ਤੋਂ ਜ਼ਿਲ੍ਹੇ ਦਾ ਕਰ ਅਤੇ ਆਬਕਾਰੀ ਵਿਭਾਗ ਅਸਮਰੱਥ ਦਿਖਾਈ ਦੇ ਰਿਹਾ ਹੈ।
ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਨੇ ਇਸ ਸਬੰਧੀ ਕਿਹਾ ਕਿ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੇਚਣ ਦਾ ਮਾਮਲਾ ਗੰਭੀਰ ਹੈ। ਸ਼ਰਾਬ ਠੇਕੇਦਾਰਾਂ ਵੱਲੋਂ ਮਨਮਰਜ਼ੀ ਦੇ ਭਾਅ ਅਤੇ ਮਿਆਦ ਪੁੱਗੀ ਬੀਅਰ ਵੇਚਣ ਸਬੰਧੀ ਆਬਕਾਰੀ ਵਿਭਾਗ ਦੇ ਅਧਿਕਾਰੀਆ ਕੋਲੋਂ ਰਿਪੋਰਟ ਲਈ ਜਾਵੇਗੀ ਅਤੇ ਨਬਾਲਗ ਬੱਚਿਆਂ ਨੂੰ ਸ਼ਰਾਬ ਵੇਚਣ ਦੇ ਮਾਮਲੇ ਵਿਚ ਕਾਰਵਾਈ ਨਾ ਕਰਨ ਸਬੰਧੀ ਵੀ ਜਵਾਬ ਤਲਬੀ ਹੋਵੇਗੀ।