ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 8 ਅਗਸਤ
ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਪਿੰਡ ਬੋਤਲਕੀੜੀ ਵਿਖੇ ਸਿਆਸੀ ਮੀਟਿੰਗ ਦੀ ਭਿਣਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਲੱਗਣ ਤੋਂ ਬਾਅਦ ਵੱਖ ਵੱਖ ਪਿੰਡਾਂ ’ਚੋਂ ਇਕੱਠੇ ਹੋਏ ਕਿਸਾਨਾਂ ਨੇ ਵਿਧਾਇਕ ਭਲਾਈਪੁਰ ਦਾ ਵਿਰੋਧ ਕੀਤਾ।
ਇਸ ਦੌਰਾਨ ਕਿਸਾਨਾਂ ਵੱਲੋਂ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਿਸ ਦੇ ਚੱਲਦਿਆਂ ਵਿਧਾਇਕ ਦੇ ਕੁਝ ਸਮਰੱਥਕਾਂ ਨੇ ਮੁਜ਼ਾਹਰਾਕਾਰੀਆਂ ਨੂੰ ਨਕਲੀ ਕਿਸਾਨ ਦੱਸਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਦੇ ਚਲਦੇ ਸਥਿਤੀ ਤਣਾਅਪੂਰਨ ਹੋ ਗਈ। ਪੁਲੀਸ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਵੱਲੋਂ ਥਾਣਾ ਮੁਖੀ ਉਪਰ ਪੱਖਪਾਤ ਦੇ ਦੋਸ਼ ਲਗਾਏ ਗਏ। ਕਿਸਾਨ ਆਗੂ ਦਿਆਲ ਸਿੰਘ ਮੀਆਵਿੰਡ ਅਤੇ ਮੁਖ਼ਤਾਰ ਸਿੰਘ ਬਿਹਾਰੀਪੁਰ ਨੇ ਕਿਹਾ ਕਿ ਹਲਕਾ ਵਿਧਾਇਕ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਪਰ ਉਹ ਆਪਣੀ ਗੁੰਡਾਗਰਦੀ ’ਤੇ ਉਤਾਰੂ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਦੇ ਇਕੱਠ ’ਤੇ ਰੋਕ ਲਾਈ ਗਈ ਪਰ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਜਾਣਬੁੱਝ ਕੇ ਸਿਆਸੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸੀ ਆਗੂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਆਪਣੀਆਂ ਕੁਰਸੀਆਂ ਬਚਾਉਣ ’ਤੇ ਲੱਗੇ ਹੋਏ ਹਨ| ਉਨ੍ਹਾਂ ਕਿਹਾ ਕਿ ਜਿਥੇ ਵੀ ਹਲਕਾ ਵਿਧਾਇਕ ਭਲਾਈਪੁਰ ਵੱਲੋਂ ਸਿਆਸੀ ਇਕੱਤਰਤਾ ਕੀਤੀ ਜਾਏਗੀ ਉਸ ਦਾ ਸ਼ਾਂਤਮਈ ਵਿਰੋਧ ਕੀਤਾ ਜਾਵੇਗਾ। ਜੇਕਰ ਕਿਸਾਨਾਂ ਮਜ਼ਦੂਰਾਂ ਦਾ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਤਾਂ ਇਸ ਦੇ ਜ਼ਿਮੇਵਾਰ ਹਲਕਾ ਵਿਧਾਇਕ ਹੋਣਗੇ। ਇਸ ਮੌਕੇ ਕਿਸਾਨਾਂ ਨੇ ਮੁੱਖ ਮੰਤਰੀ ਤੇ ਐਸ.ਐਸ.ਪੀ ਤਰਨ ਤਾਰਨ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਨਾਲ ਧੱਕਾਮੁੱਕੀ ਕਰਨ ਵਾਲੇ ਹਲਕਾ ਵਿਧਾਇਕ ਦੇ ਬੰਦਿਆਂ ਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।