ਐਨਪੀ ਧਵਨ
ਪਠਾਨਕੋਟ, 19 ਮਈ
ਸਿਵਲ ਪ੍ਰਸ਼ਾਸਨ ਅਤੇ ਮਿਲਟਰੀ ਪ੍ਰਸ਼ਾਸਨ ਦਰਮਿਆਨ ਲੰਬੇ ਚੱਲ ਰਹੇ ਮਾਮਲਿਆਂ ਨੂੰ ਵਿਚਾਰਨ ਲਈ ਆਰਮੀ ਹੈਡਕੁਆਟਰ 21 ਸਬ-ਏਰੀਆ ਵਿੱਚ ਕਾਨਫਰੰਸ ਕੀਤੀ ਗਈ। ਇਸ ਵਿੱਚ 21 ਸਬ-ਏਰੀਆ ਦੇ ਕਮਾਂਡਰ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਸੈਨਾ ਮੈਡਲ ਤੇ ਵਸ਼ਿਸਟ ਸੈਨਾ ਮੈਡਲ, ਕਰਨਲ ਜੇਐਸ ਰਾਠੌਰ, ਡਿਪਟੀ ਕਮਿਸ਼ਨਰ ਹਰਬੀਰ ਸਿੰਘ, ਐੱਸਐੱਸਪੀ ਅਰੁਣ ਸੈਣੀ, ਐੱਸਡੀਐੱਮ ਧਾਰਕਲਾਂ, ਜ਼ਿਲ੍ਹਾ ਰੈਵੀਨਿਊ ਅਧਿਕਾਰੀ ਅਰਵਿੰਦ ਪ੍ਰਕਾਸ਼ ਵਰਮਾ, ਤਹਿਸੀਲਦਾਰ ਲਛਮਣ ਸਿੰਘ ਅਤੇ ਸੈਨਾ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਕਾਨਫਰੰਸ ਦਾ ਸ਼ੁੱਭ ਆਰੰਭ 21 ਸਬ ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਦੇ ਸੰਬੋਧਨ ਨਾਲ ਹੋਇਆ। ਉਨ੍ਹਾਂ ਸੈਨਿਕ ਖੇਤਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਨਜਾਇਜ਼ ਨਿਰਮਾਣ, ਨਲਵਾ ਦਰਿਆ ਵਿੱਚ ਹੋ ਰਹੇ ਭੂਮੀ ਕਟਾਅ, ਸੈਨਿਕ ਖੇਤਰ ਅਤੇ ਏਅਰਬੇਸ ਨੇੜੇ ਨਗਰ ਨਿਗਮ ਵੱਲੋਂ ਕੱਚਰੇ ਦੀ ਕੀਤੀ ਜਾ ਰਹੀ ਡੰਪਿੰਗ ਆਦਿ ਦੇ ਮੁੱਦਿਆਂ ਉਪਰ ਸਿਵਲ ਪ੍ਰਸ਼ਾਸਨ ਦਾ ਧਿਆਨ ਖਿੱਚਿਆ। ਸਿਵਲ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਸਾਰੇ ਮਾਮਲਿਆਂ ਉਪਰ ਚਰਚਾ ਕੀਤੀ ਅਤੇ ਭਰੋਸਾ ਦਿੱਤਾ ਕਿ ਸਿਵਲ ਪ੍ਰਸ਼ਾਸਨ ਸੈਨਾ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ। ਅਖੀਰ ਵਿੱਚ ਆਰਮੀ ਅਧਿਕਾਰੀਆਂ ਅਤੇ ਸਿਵਲ ਅਧਿਕਾਰੀਆਂ ਨੇ ਸਾਰੇ ਮੁੱਦਿਆਂ ਨੂੰ ਮਿਲਜੁਲ ਕੇ ਸੁਲਝਾਉਣ ਲਈ ਪ੍ਰਤੀਬਧਤਾ ਪ੍ਰਗਟ ਕੀਤੀ।