ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 3 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਸੰਤ ਮੈਰੀ ਕੈਥੋਲਿਕ ਚਰਚ ਫਤਹਿਗੜ੍ਹ ਚੂੜੀਆਂ ਵਿੱਚ ਪ੍ਰਾਰਥਨਾ ਵਿੱਚ ਹਿੱਸਾ ਲਿਆ। ਇਸ ਮੌਕੇ ਕ੍ਰਿਸ਼ਚਨ ਵੈੱਲਫੇਅਰ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਮਨਦੀਪ ਗਿੱਲ ਦੀ ਅਗਵਾਈ ਵਿੱਚ ਪਾਸਟਰ ਸਾਹਿਬਾਨ ਅਤੇ ਹੋਰ ਮਸੀਹੀ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਡਾ. ਚੀਮਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਵੀ ਸ਼ਾਮਲ ਸਨ। ਚਰਚ ਦੇ ਡੀਨ ਫਾਦਰ ਜੋਨੀ ਅਤੇ ਫਾਦਰ ਫੇਲਿਕਸ ਸ਼ੇਰਗਿੱਲ ਵਲੋਂ ਡਾ. ਚੀਮਾ ਦੀ ਸਫਲਤਾ ਲਈ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਕੀਤੀ ਗਈ। ਡਾ. ਚੀਮਾ ਨੇ ਇਸ ਮੌਕੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਇਸਾਈ ਭਾਈਚਾਰੇ ਦੀ ਭਲਾਈ ਲਈ ਯੋਜਨਾਵਾਂ ਸ਼ੁਰੂ ਕਰ ਕੇ ਇਸ ਘੱਟ-ਗਿਣਤੀ ਭਾਈਚਾਰੇ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰਾਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕ੍ਰਿਸਮਿਸ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮਾਂ ਵਿੱਚ ਖੁਦ ਸ਼ਾਮਲ ਹੁੰਦੇ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਅਕਾਲੀ ਸਰਕਾਰਾਂ ਦੌਰਾਨ ਇਸਾਈ ਭਾਈਚਾਰੇ ਨੂੰ ਦਿੱਤੀਆਂ ਜਾਂਦੀਆਂ ਬਹੁਤ ਸਾਰੀਆਂ ਸਹੂਲਤਾਂ ਬੰਦ ਕਰ ਕੇ ਘੱਟ-ਗਿਣਤੀਆਂ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਅਮਨਦੀਪ ਗਿੱਲ ਨੇ ਆਖਿਆ ਕਿ ਇਸਾਈ ਭਾਈਚਾਰਾ ਡਾ. ਦਲਜੀਤ ਸਿੰਘ ਚੀਮਾ ਨੂੰ ਜਿਤਾਉਣ ਵਿਚ ਵੱਡਾ ਯੋਗਦਾਨ ਨਿਭਾਵੇਗਾ ਤਾਂ ਜੋ ਘੱਟ-ਗਿਣਤੀ ਇਸਾਈ ਭਾਈਚਾਰੇ ਦੀ ਆਵਾਜ਼ ਵੀ ਲੋਕ ਸਭਾ ਵਿਚ ਪਹੁੰਚਾਈ ਜਾ ਸਕੇ।