ਦਵਿੰਦਰ ਸਿੰਘ ਭੰਗੂ
ਰਈਆ, 21 ਸਤੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਪ੍ਰਿੰਸੀਪਲ ਦੇ ਮਾੜੇ ਰਵੱਈਏ ਅਤੇ ਘਟੀਆ ਸ਼ਬਦਾਵਲੀ ਬੋਲਣ ਦੇ ਰੋਸ ਵਜੋਂ ਸਕੂਲੀ ਬੱਚਿਆਂ ਤੇ ਪਿੰਡ ਦੇ ਲੋਕਾਂ ਨੇ ਧਰਨਾ ਦਿੱਤਾ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਅੰਮ੍ਰਿਤਸਰ ਵੱਲੋਂ ਜਾਂਚ ਲਈ ਦੋ ਮੈਂਬਰੀ ਟੀਮ ਭੇਜੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਵਿਚ ਉਸ ਸਮੇਂ ਸਥਿਤੀ ਨਾਜ਼ੁਕ ਬਣ ਗਈ ਜਦੋਂ ਸਕੂਲ ਦੀ ਮਹਿਲਾ ਪ੍ਰਿੰਸੀਪਲ ਨੇ ਸਵੇਰ ਦੀ ਸਭਾ ਵਿਚ ਬੱਚਿਆਂ ਅਤੇ ਸਕੂਲ ਸਟਾਫ਼ ਪ੍ਰਤੀ ਮਾੜੀ ਸ਼ਬਦਾਵਲੀ ਵਰਦਿਆਂ ਉਨ੍ਹਾਂ ਨੂੰ ਸੰਬੋਧਨ ਕੀਤਾ। ਇਸ ਦੇ ਰੋਸ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸਕੂਲ ਦੀ ਗਰਾਊਂਡ ਵਿਚ ਧਰਨਾ ਲਾ ਕੇ ਪ੍ਰਿੰਸੀਪਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਿੰਸੀਪਲ ਦੀ ਬਦਲੀ ਮੰਗ ਕੀਤੀ। ਇਸ ਬਾਰੇ ਪਤਾ ਲੱਗਣ ’ਤੇ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਅਤੇ ਸਰਪੰਚ ਅਤੇ ਪੰਚਾਇਤ ਮੈਂਬਰ ਵੀ ਸਕੂਲ ਪੁੱਜੇ ਗਏ। ਇਸ ਮੌਕੇ ਸਰਪੰਚ ਵਰਿੰਦਰ ਸਿੰਘ ਧੂਲਕਾ, ਸਰਪੰਚ ਸਾਹਿਬ ਸਿੰਘ ਝਾੜੂ ਨੰਗਲ ਵੀ ਮੌਜੂਦ ਸਨ। ਤਿੰਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਲਿਖਤੀ ਤੌਰ ਸਕੂਲ ਪ੍ਰਿੰਸੀਪਲ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਇਸ ਵਿਰੁੱਧ ਵਿਭਾਗੀ ਕਾਰਵਾਈ ਦੀ ਮੰਗ ਕੀਤੀ। ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੇ ‘ਆਪ’ ਦੇ ਯੂਥ ਜੁਆਇੰਟ ਸਕੱਤਰ ਸੁਰਜੀਤ ਸਿੰਘ ਕੰਗ ਤੇ ਹੋਰਨਾਂ ਸਕੂਲ ਭੇਜਿਆ ਜਿਨ੍ਹਾਂ ਨੇ ਜਾਇਜ਼ਾ ਲੈ ਕੇ ਅਗਲੇਰੀ ਰਿਪੋਰਟ ਸੀਨੀਅਰ ਆਗੂਆਂ ਨੂੰ ਭੇਜ ਦਿੱਤੀ ਹੈ। ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕੇ ਵਿਦਿਆਰਥੀਆਂ ਵਿਚ ਅਨੁਸ਼ਾਸਨ ਕਾਇਮ ਰੱਖਣ ਅਤੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਜਿਸ ਕਰਕੇ ਬੱਚਿਆ ਨੂੰ ਭੜਕਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕੇ ਇਸ ਸਬੰਧੀ ਜਾਂਚ ਲਈ ਅੱਜ ਦੋ ਪ੍ਰਿੰਸੀਪਲਾਂ ਦੇ ਅਧਾਰਿਤ ਜਾਂਚ ਕਮੇਟੀ ਬਣਾ ਕੇ ਭੇਜੀ ਗਈ ਹੈ ਜਿਸ ਦੀ ਰਿਪੋਰਟ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ।