ਐੱਨਪੀ. ਧਵਨ
ਪਠਾਨਕੋਟ, 23 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 24 ਦਸੰਬਰ ਨੂੰ ਪਠਾਨਕੋਟ ਦੌਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੇ ਦੌਰੇ ਨੂੰ ਲੈ ਕੇ 2 ਜਗ੍ਹਾ ’ਤੇ ਹੈਲੀਪੈਡ ਬਣਾਏ ਗਏ ਹਨ। ਵਿਧਾਇਕ ਅਮਿਤ ਵਿੱਜ ਅਨੁਸਾਰ ਮੁੱਖ ਮੰਤਰੀ ਸਵੇਰੇ ਸਾਢੇ 11 ਵਜੇ ਪਠਾਨਕੋਟ-ਜਲੰਧਰ ਮਾਰਗ ਉਪਰ 20.34 ਕਰੋੜ ਦੀ ਲਾਗਤ ਨਾਲ ਚੱਕੀ ਦਰਿਆ ’ਤੇ ਬਣਾਏ ਗਏ ਤਲਵਾੜਾ ਜੱਟਾਂ-ਸਿੰਬਲੀ ਪੁਲ ਦਾ ਉਦਘਾਟਨ ਕਰਨਗੇ ਅਤੇ ਉਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਪਠਾਨਕੋਟ ਦੇ ਏਬੀ ਕਾਲਜ ਵਿੱਚ ਉਤਰਨ ਬਾਅਦ ਸ਼ਹਿਰ ਦੇ ਸੈਲੀ ਰੋਡ ਟਰੱਕ ਯੂਨੀਅਨ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੇ ਇਲਾਵਾ ਮੁੱਖ ਮੰਤਰੀ ਇਥੇ ਢਾਕੀ ਰੋਡ ’ਤੇ ਬਣ ਰਹੇ ਫਲਾਈਓਵਰ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਣਗੇ ਅਤੇ ਲੱਗਪਗ 80 ਪ੍ਰਤੀਸ਼ਤ ਬਣ ਚੁੱਕੇ ਇਸ ਫਲਾਈਓਵਰ ਦਾ ਉਦਘਾਟਨ ਵੀ ਕਰਨਗੇ ਅਤੇ ਸਬਜ਼ੀ ਮੰਡੀ ਵਿੱਚ ਪੁੱਜ ਕੇ ਉਥੇ ਸਾਢੇ 6 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਕੰਮ ਦਾ ਜਾਇਜ਼ਾ ਲੈਣਗੇ। ਇਸ ਪੱਤਰਕਾਰ ਨੇ ਅੱਜ ਤਲਵਾੜਾ ਜੱਟਾਂ-ਸਿੰਬਲੀ ਪੁਲ ਵਾਲੀ ਜਗ੍ਹਾ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉਥੇ ਪੀਡਬਲਿਯੂਡੀ ਦੇ ਅਧਿਕਾਰੀ ਜੰਗੀ ਪੱਧਰ ’ਤੇ ਬਾਕੀ ਰਹਿੰਦੇ ਕੰਮ ਨੂੰ ਕਰਵਾ ਰਹੇ ਸਨ। ਅਧਿਕਾਰੀਆਂ ਦਾ ਕਹਿਣਾ ਸੀ ਕਿ ਭਲਕੇ ਇਹ ਪੁਲ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਆਵਾਜਾਈ ਲੰਘਣੀ ਸ਼ੁਰੂ ਹੋ ਜਾਵੇਗੀ। ਤਲਵਾੜਾ ਜੱਟਾਂ ਦੇ ਵਾਸੀ ਜਤਿੰਦਰ ਸਿੰਘ, ਮਨਦੀਪ ਸਿੰਘ ਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲ ਨਾ ਹੋਣ ਕਰਕੇ ਲੱਗਪਗ 35 ਪਿੰਡ ਟਾਪੂਨੁਮਾ ਜੀਵਨ ਬਤੀਤ ਕਰ ਰਹੇ ਸਨ ਤੇ ਕਿਸ਼ਤੀਆਂ ਵਾਲਾ ਪੈਂਟੂਨ ਪੁਲ ਹੀ ਹੁੰਦਾ ਸੀ ਜੋ ਕਿ ਬਰਸਾਤਾਂ ਮੌਕੇ ਚੁੱਕ ਦਿੱਤਾ ਜਾਂਦਾ ਸੀ। ਹੁਣ ਤਲਵਾੜਾ ਜੱਟਾਂ, ਨੰਗਲਭੂਰ, ਟਾਂਡਾ, ਤੰਬੂਆਂ, ਫੁਲੜਾ, ਘਿਆਲਾ, ਘੇਬੇ, ਜੰਦਰਾਈ, ਅਬਾਦਗੜ੍ਹ, ਬੇਲੀ ਚਾਂਘਾਂ ਆਦਿ ਪਿੰਡਾਂ ਦੇ ਲੋਕਾਂ ਨੂੰ ਦੀਨਾਨਗਰ ਜਾਣ ਲਈ ਵਾਇਆ ਪਠਾਨਕੋਟ ਨਹੀਂ ਜਾਣਾ ਪਵੇਗਾ।