ਦਲਬੀਰ ਸੱਖੋਵਾਲੀਆ
ਬਟਾਲਾ,18 ਦਸੰਬਰ
ਸ਼੍ਰੋਮਣੀ ਅਕਾਲੀ ਦਲ- ਬਸਪਾ ਦੇ ਬਟਾਲਾ ਹਲਕਾ ਤੋਂ ਸਾਂਝੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਸਥਾਨਕ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਚੋਣ ਦਫ਼ਤਰ ਖੋਲ੍ਹਿਆ। ਇਸ ਮੌਕੇ ਬਟਾਲਾ ਤੋਂ ਪਾਰਟੀ ਵਿਧਾਇਕ ਤੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਸਮੇਤ ਹੋਰ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ। ਸ੍ਰੀ ਛੋਟੇਪੁਰ ਨੇ ਵੱਡੀ ਗਿਣਤੀ ਵਿੱਚ ਜੁੜੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਮਨੋਰਥ ਸਿਰਫ਼ ਲੋਕ ਸੇਵਾ ਹੈ। ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਧਰਮ ਨਿਰਪੱਖਤਾ ਦਾ ਫਰਜ਼ ਨਿਭਾਉਂਦਿਆਂ ਲੋਕ ਸੇਵਾ ਕੀਤੀ ਹੈ। ਛੋਟੇਪੁਰ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਕੁਝ ਤਾਕਤਾਂ ਆਪਸੀ ਭਾਈਚਾਰਕ ਨੂੰ ਅਲੱਗ ਥਲੱਗ ਕਰਨ ਲਈ ਯਤਨਸ਼ੀਲ ਹਨ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਬੇਦਾਗ਼ ਤੇ ਇਮਾਨਦਾਰ ਸਿਆਸਤਦਾਨ ਛੋਟੇਪੁਰ ਨੂੰ ਬਟਾਲਾ ਤੋਂ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ , ਜ਼ਿਲ੍ਹਾ ਐੱਸਸੀ ਵਿੰਗ ਲਖਵਿੰਦਰ ਸਿੰਘ ਘੁੰਮਣ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ, ਸੀਨੀਅਰ ਆਗੂ ਸੁਭਾਸ਼ ਓਹਰੀ, ਬੂਟਾ ਸਿੰਘ ਪਾਰਸ, ਸਤਵੰਤ ਸਿੰਘ ਉਦੋਵਾਲੀ, ਐੱਮਸੀ ਵਿਜੇ ਥਾਪਰ ਆਦਿ ਸੈਂਕੜੇ ਵਰਕਰ ਮੌਜੂਦ ਸਨ।