ਪੱਤਰ ਪ੍ਰੇਰਕ
ਪਠਾਨਕੋਟ, 16 ਜੂਨ
ਪਿੰਡ ਉਪਰਲੀ ਕਰੋਲੀ ਵਿੱਚ ਸਾਲਾਨਾ ਛਿੰਝ ਮੇਲਾ ਪਿੰਡ ਦੀ ਦੰਗਲ ਕਮੇਟੀ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਵੱਡੀ ਮਾਲੀ ਦੀ ਕੁਸ਼ਤੀ ਮਿੰਦਾ ਪਹਿਲਵਾਨ ਅਤੇ ਛੋਟੀ ਮਾਲੀ ਦੀ ਕੁਸ਼ਤੀ ਲੱਕੀ ਹਾੜਾ ਨੇ ਜਿੱਤੀ।
ਪਿੰਡ ਝਿਕਲੀ ਕਰੋਲੀ ਦੇ ਸਰਪੰਚ ਹਰੀਸ਼ ਪਠਾਨੀਆ ਅਤੇ ਭਾਜਪਾ ਦੇ ਆਗੂ ਪੁਸ਼ਪਿੰਦਰ ਪਠਾਨੀਆ ਨੇ ਦੱਸਿਆ ਕਿ ਇਹ ਛਿੰਝ ਮੇਲਾ ਉਨ੍ਹਾਂ ਦੇ ਪੁਰਖਿਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜੋ ਕਿ ਅੱਜ ਤੱਕ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਛਿੰਝ ਮੇਲੇ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਰੈਫਰੀਆਂ ਸਾਗਰ ਪਠਾਨੀਆ ਅਤੇ ਕਮਲ ਸਿੰਘ ਅਨੁਸਾਰ ਵੱਡੀ ਮਾਲੀ ਦੀ ਕੁਸ਼ਤੀ ਲਈ ਮੁੱਖ ਮੁਕਾਬਲਾ ਮਿੰਦਾ ਪਹਿਲਵਾਨ ਚੱਕਮਾਧੋ ਸਿੰਘ ਅਤੇ ਭਿੰਦਾ ਬਿਸ਼ਨਪੁਰੀਆ ਦੇ ਵਿਚਕਾਰ ਹੋਇਆ, ਜਿਸ ਵਿੱਚ ਮਿੰਦਾ ਪਹਿਲਾ ਜੇਤੂ ਰਿਹਾ। ਇਸੇ ਤਰ੍ਹਾਂ ਛੋਟੀ ਮਾਲੀ ਦੀ ਕੁਸ਼ਤੀ ਦਾ ਮੁਕਾਬਲਾ ਲੱਕੀ ਹਾੜਾ ਅਤੇ ਗੁਰਵਿੰਦਰ ਸਿੰਘ ਪੰਜਾਬ ਪੁਲੀਸ ਦੇ ਵਿੱਚ ਹੋਇਆ, ਜਿਸ ਵਿੱਚ ਲੱਕੀ ਹਾੜਾ ਜੇਤੂ ਰਿਹਾ। ਵੱਡੀ ਮਾਲੀ ਦੀ ਕੁਸ਼ਤੀ ਜਿੱਤਣ ਵਾਲੇ ਮਿੰਦਾ ਪਹਿਲਵਾਨ ਨੂੰ 31 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਛੋਟੀ ਮਾਲੀ ਦੀ ਕੁਸ਼ਤੀ ਜਿੱਤਣ ਵਾਲੇ ਲੱਕੀ ਹਾੜਾ ਨੂੰ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਛਿੰਝ ਮੇਲੇ ਨੂੰ ਕਿਸ਼ਨ ਵਰਮਾ, ਅਮਨ ਵਰਮਾ, ਅਜੇ ਪਠਾਨੀਆ, ਯਸ਼ਪਾਲ ਸਿੰਘ, ਕੁਲਦੀਪ ਕੁਮਾਰ, ਮੁਕੇਸ਼, ਭੂਸ਼ਣ ਮਲਹੋਤਰਾ, ਰਣਵੀਰ ਸਿੰਘ, ਨਰਿੰਦਰ ਸਿੰਘ, ਅਸ਼ੋਕ ਸਿੰਘ, ਸ਼ਾਮ ਸਿੰਘ ਨੇ ਸਹਿਯੋਗ ਦੇ ਕੇ ਨੇਪਰੇ ਚੜਾਇਆ।