ਸ੍ਰੀ ਹਰਗੋਬਿੰਦਪੁਰ: ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਸ੍ਰੀ ਹਰਗੋਬਿੰਦਪੁਰ ਦੀਆਂ ਵੱਖ-ਵੱਖ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਦਵਾਈਆਂ ਦੇ ਨਮੂੁਨੇ ਭਰੇ। ਚੈਕਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੰਵਲਪ੍ਰੀਤ ਸਿੰਘ ਏਓ ਅਤੇ ਪਰਮਬੀਰ ਕਾਹਲੋਂ ਏਡੀਓ ਨੇ ਦੱਸਿਆ ਕਿ ਵਿਭਾਗ ਦੀ ਟੀਮ ਦੁਆਰਾ ਖਾਦਾਂ ਤੇ ਕੀਟਨਾਸ਼ਕਾਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਅਤੇ ਅੱਜ ਬਲਾਕ ਸ੍ਰੀ ਹਰਗੋਬਿੰਦਪੁਰ ਦੀਆਂ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਤੋਂ ਦਵਾਈਆਂ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਸਿਰਫ਼ ਅਧਿਕਾਰਤ ਨਿਰਮਾਤਾ ਕੰਪਨੀਆਂ ਦੇ ਬਣੇ ਉੱਚ ਮਿਆਰ ਦੇ ਉਤਪਾਦ ਹੀ ਕਿਸਾਨਾਂ ਨੂੰ ਸਹੀ ਬਿੱਲ ਸਮੇਤ ਦਿੱਤੇ ਜਾਣ। -ਪੱਤਰ ਪ੍ਰੇਰਕ