ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 1 ਫਰਵਰੀ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਿੰਡ ਮੰਜਿਆਂਵਾਲੀ ’ਚ ਚੋਣ ਮੀਟਿੰਗ ਕਰਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਲਾਮਬੰਦ ਕੀਤਾ। ਇਸ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡਾਂ ਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ ਤੇ ਲੋਕ ਇਸੇ ਵਿਕਾਸ ਨੂੰ ਮੁੱਖ ਰੱਖ ਕੇ ਕਾਂਗਰਸ ਪਾਰਟੀ ਨੂੰ ਇਕ ਹੋਰ ਮੌਕਾ ਦੇਣਗੇ। ਇਸ ਮੌਕੇ ਤ੍ਰਿਪਤ ਬਾਜਵਾ ਨੇ ਕਿਹਾ ਕਿ ਉਹ ਸਿਰਫ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਹੀ ਚੋਣ ਲੜਨਗੇ ਅਤੇ ਉਨ੍ਹਾਂ ਦਾ ਪੁੱਤਰ ਰਵੀਨੰਦਨ ਬਾਜਵਾ ਬਟਾਲਾ ਜਾਂ ਕਿਸੇ ਵੀ ਹੋਰ ਹਲਕੇ ਤੋਂ ਚੋਣ ਨਹੀਂ ਲੜੇਗਾ। ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦਾ ਦਾਅਵੇਦਾਰ ਮੰਨਦੇ ਹਨ ਅਤੇ ਚੰਨੀ ਹੀ ਮੁੱਖ ਮੰਤਰੀ ਬਣਨੇ ਚਾਹੀਦੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾਬਾਮਾ, ਚੇਅਰਮੈਨ ਉਂਕਾਰ ਸਿੰਘ ਲਾਟੀ ਅਤੇ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।