ਐੱਨਪੀ. ਧਵਨ
ਪਠਾਨਕੋਟ, 12 ਅਕਤੂਬਰ
ਅੱਜ ਜ਼ਿਲ੍ਹਾ ਪਠਾਨਕੋਟ ਦੀ ਕਾਂਗਰਸ ਪਾਰਟੀ ਅੰਦਰ ਉਸ ਵੇਲੇ ਰਾਜਸੀ ਧਮਾਕਾ ਹੋ ਗਿਆ ਜਦ ਪਠਾਨਕੋਟ ਤੋਂ 5 ਵਾਰ ਕੌਂਸਲਰ ਰਹੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਚੇਅਰਮੈਨ ਪਦ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਦੇ ਮੰਤਰੀ, ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਸਾਫ ਤੌਰ ’ਤੇ ਪਠਾਨਕੋਟ ਦੇ ਵਿਧਾਇਕ ਵੱਲੋਂ ਉਸ ਨੂੰ ਸਹਿਯੋਗ ਨਾ ਦੇਣ ਦਾ ਦੋਸ਼ ਲਗਾਇਆ ਅਤੇ ਕਾਂਗਰਸ ਪਾਰਟੀ ਨੇ ਵੀ ਕੋਈ ਸਹਿਯੋਗ ਨਹੀਂ ਦਿੱਤਾ। ਭਾਵੇਂ ਕਿ ਉਨ੍ਹਾਂ ਫਿਲਹਾਲ ਚੇਅਰਮੈਨ ਪਦ ਤੋਂ ਅਸਤੀਫ਼ਾ ਦਿੱਤਾ ਹੈ ਪਰ ਨਾਲ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਰਟੀ ਨੂੰ ਵੀ ਅਲਵਿਦਾ ਆਖ ਸਕਦੇ ਹਨ। ਉਨ੍ਹਾਂ ਸਪੱਸ਼ਟ ਐਲਾਨ ਕਰ ਦਿੱਤਾ ਕਿ ਉਹ ਸਾਲ 2022 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣ ਲੜਨਗੇ ਤੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦੇ ਅਸਤੀਫੇ ਤੋਂ ਕਾਂਗਰਸ ਅੰਦਰ ਖਲਬਲੀ ਮੱਚ ਗਈ ਹੈ ਅਤੇ ਅਰਵਿੰਦ ਕੇਜਰੀਵਾਲ ਜਦ ਪੰਜਾਬ ਦੇ 2 ਦਿਨਾਂ ਦੇ ਦੌਰੇ ’ਤੇ ਹਨ, ਉਸ ਵੇਲੇ ਉਨ੍ਹਾਂ ਵੱਲੋਂ ਦਿੱਤੇ ਗਏ ਅਸਤੀਫੇ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਵਿਭੂਤੀ ਸ਼ਰਮਾ ਦੇ ਅਸਤੀਫ਼ੇ ’ਤੇ ਪ੍ਰਤੀਕਿਰਿਆ ਲੈਣ ਲਈ ਬਾਰ-ਬਾਰ ਵਿਧਾਇਕ ਅਮਿਤ ਵਿੱਜ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਦਾ ਫੋਨ ‘ਆਊਟ ਆਫ ਰੀਚ’ ਆਉਂਦਾ ਰਿਹਾ।