ਧਿਆਨ ਸਿੰਘ ਭਗਤ
ਕਪੂਰਥਲਾ, 12 ਅਪਰੈਲ
ਕਪੂਰਥਲਾ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੀ ਸਥਿਤੀ ਦਾ ਜਾਇਜ਼ਾ ਲੈਣ ਆਈ ਕੇਂਦਰੀ ਟੀਮ ਵੱਲੋਂ ਅੱਜ ਵੱਖ-ਵੱਖ ਇਲਾਕਿਆਂ ਅੰਦਰ ਜਾ ਕੇ ਮਾਈਕਰੋ ਕੰਨਟੇਨਮੈਂਟ ਜ਼ੋਨਾਂ, ਵੈਕਸੀਨੇਸ਼ਨ ਕੈਂਪਾਂ ਤੇ ਆਊਟ ਰੀਚ ਵੈਕਸੀਨੇਸ਼ਨ ਕੈਂਪਾਂ ਦਾ ਮੁਆਇਨਾ ਕੀਤਾ ਗਿਆ। ਇਸ ਕੇਂਦਰੀ ਟੀਮ ਵਿੱਚ ਕੌਮੀ ਸਿਹਤ ਤੇ ਪਰਿਵਾਰ ਭਲਾਈ ਸੰਸਥਾ ਦੇ ਪ੍ਰੋਫੈਸਰ ਡਾ. ਸੰਜੇ ਗੁਪਤਾ ਤੇ ਏਮਸ ਦੇ ਮੈਡੀਸਨ ਵਿਭਾਗ ਦੇ ਡਾ ਆਸ਼ੂਤੋਸ਼ ਬਿਸਵਾਸ ਦੇ ਨਾਲ ਏਡੀਸੀ (ਜਨਰਲ) ਰਾਹੁਲ ਚਾਬਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ ਤੇ ਡਾ. ਗੁਣਤਾਸ ਵੀ ਮੌਜੂਦ ਸਨ।
ਟੀਮ ਵੱਲੋਂ ਬਲਾਕ ਕਾਲਾ ਸੰਘਿਆਂ ਦੇ ਮੁੱਢਲੇ ਸਿਹਤ ਕੇਂਦਰ ਭਾਣੋਲੰਗਾ, ਪਿੰਡ ਝੱਲ ਬੀਬੜੀ, ਸੈਦੋਭੁਲਾਣਾ ਤੇ ਰੇਲ ਕੋਚ ਫੈਕਟਰੀ ਹਸਪਤਾਲ ਵਿੱਚ ਕੋਵਿਡ ਟੀਕਾਕਰਨ ਕੈਂਪ ਦਾ ਨਿਰੀਖਣ ਕੀਤਾ ਗਿਆ। ਟੀਮ ਵੱਲੋਂ ਪਿੰਡ ਸੈਦੋ ਭੁਲਾਣਾ ਵਿੱਚ ਬਣਾਏ ਗਏ ਮਾਈਕਰੋ ਕੰਨਟੇਨਮੈਂਟ ਜ਼ੋਨ ਵਿੱਚ ਡਿਊਟੀ ’ਤੇ ਤਾਇਨਾਤ ਸਟਾਫ਼ ਕੋਲੋਂ ਕੋਵਿਡ ਪੀੜਤਾਂ ਦੀ ਮੌਨੀਟਰਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਕਿਹਾ ਕਿ ਕੰਨਟੇਨਮੈਂਟ ਜ਼ੋਨਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੇ ਨਾਲ ਸੁਰੱੱਖਿਆ ਦੇ ਪ੍ਰਬੰਧ ਵੀ ਸਖ਼ਤ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜ਼ੋਨ ਅੰਦਰ ਮਰੀਜ਼ਾਂ ਦੇ ਬੁਖਾਰ, ਸਾਹ ਲੈਣ ਵਿੱਚ ਤਕਲੀਫ਼ ਜਾਂ ਹੋਰ ਮੁਸ਼ਕਲਾਂ ਬਾਰੇ ਮੁਕੰਮਲ ਜਾਣਕਾਰੀ ਲਗਾਤਾਰ ਇਕੱਤਰ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਦੀ ਸਹੀ ਢੰਗ ਨਾਲ ਦੇਖਭਾਲ ਯਕੀਨੀ ਬਣਾਈ ਜਾ ਸਕੇ। ਕੇਂਦਰੀ ਟੀਮ ਵੱਲੋਂ ਵੈਕਸੀਨੇਸ਼ਨ ਕੇਂਦਰਾਂ ਤੇ ਆਊਟ ਰੀਚ ਵੈਕਸੀਨੇਸ਼ਨ ਕੈਂਪਾਂ ਦਾ ਨਿਰੀਖਣ ਵੀ ਕੀਤਾ ਗਿਆ।
ਕਰੋਨਾ ਕਾਰਨ ਹੁਸ਼ਿਆਰਪੁਰ ਵਿਚ ਅੱਠ ਤੇ ਅੰਮ੍ਰਿਤਸਰ ’ਚ ਸੱਤ ਮੌਤਾਂ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕਰੋਨਾ ਦੇ 161 ਕੇਸ ਸਾਹਮਣੇ ਆਏ ਜਦੋਂਕਿ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵੇਲੇ 1144 ਕੇਸ ਐਕਟਿਵ ਹਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਕਾਰਨ ਅੱਜ ਜ਼ਿਲ੍ਹੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ 315 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਇਸ ਵੇਲੇ ਜ਼ੇਰੇ ਇਲਾਜ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3151 ਹੋ ਗਈ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜਲੰਧਰ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਮਹਾਮਾਰੀ ਕਾਰਨ ਪੰਜ ਮੌਤਾਂ ਹੋ ਗਈਆਂ ਜਦੋਂਕਿ 392 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਅੱਜ ਆਏ ਪਾਜ਼ੇਟਿਵ ਮਰੀਜ਼ਾਂ ਵਿੱਚ 366 ਜਲੰਧਰ ਨਾਲ ਸਬੰਧਤ ਹਨ ਅਤੇ 26 ਬਾਹਰਲੇ ਜ਼ਿਲ੍ਹਿਆਂ ਦੇ ਹਨ।