ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਈ
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ੋਨ ਬਾਬਾ ਬਕਾਲਾ, ਟਾਂਗਰਾ, ਬਾਬਾ ਨੋਧ ਸਿੰਘ ਅਤੇ ਜ਼ੋਨ ਜੰਡਿਆਲਾ ਗੁਰੂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰਬਾਲਾ ਅਤੇ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਪਿੰਡ ਭੰਗਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ। ਮੀਟਿੰਗ ਵਿੱਚ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਲੰਮੇ ਸਮੇਂ ਤੋਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ਾਂ ਨੂੰ 26 ਮਈ ਨੂੰ 6 ਮਹੀਨੇ ਬੀਤ ਗਏ ਹਨ ਅਤੇ ਸੱਤਾ ਵਿੱਚ ਬੈਠੀ ਮੋਦੀ ਸਰਕਾਰ ਨੂੰ 7 ਸਾਲ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਨੇ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਲਿਆ ਕੇ ਨਿੱਜੀਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਨੂੰਨ ਰੱਦ ਕਰਨ ਦੇ ਹੱਕ ਵਿੱਚ ਨਹੀਂ ਹੈ, ਇਸ ਲਈ ਅੰਦੋਲਨ ਹੋਰ ਲੰਮਾ ਸਮਾਂ ਚੱਲੇਗਾ, ਜਿਸ ਸਬੰਧੀ ਤਿਆਰੀਆਂ ਨੂੰ ਮੁੱਖ ਰੱਖਦਿਆਂ ਪਿੰਡ ਪੱਧਰੀ ਫੰਡ ਇਕੱਠਾ ਕਰ ਲਏ ਗਏ ਹਨ।