ਗੁਰਦੇਵ ਸਿੰਘ ਗਹੂੰਣ
ਬਲਾਚੌਰ, 15 ਜੂਨ
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸਰਕਾਰ ਨੂੰ ਗੈਰ-ਭਾਜਪਾਈ ਸਰਕਾਰਾਂ ਵਾਲੇ ਸੂਬਿਆਂ ’ਚ ਕੋਵਿਡ ਖ਼ਿਲਾਫ਼ ਲੜਾਈ ਲਈ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜਾਂ ਲਈ ਆਰਥਿਕ ਪੈਕੇਜ ਦੀ ਅਣਹੋਂਦ ਕਾਰਨ ਕੋਵਿਡ ਨੇ ਮਾਲੀਏ ’ਤੇ ਵੱਡੀ ਸੱਟ ਮਾਰੀ ਹੈ, ਜਿਸ ਦਾ ਸਿੱਧਾ ਪ੍ਰਭਾਵ ਲੋਕ ਹਿੱਤ ਨੀਤੀਆਂ ’ਤੇ ਪੈਂਦਾ ਹੈ। ਸ੍ਰੀ ਤਿਵਾੜੀ ਅੱਜ ਬਲਾਕ ਦਫ਼ਤਰ ਸੜੋਆ ’ਚ 25 ਲੱਖ ਦੀ ਲਾਗਤ ਨਾਲ ਬਣੇ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨਾਲ ਲੋਕ ਅਰਪਣ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਸ ਨਵੀਂ ਇਮਾਰਤ ਦੇ ਤਿਆਰ ਹੋਣ ਨਾਲ ਜਿੱਥੇ ਬਲਾਕ ਦੇ ਸਟਾਫ਼ ਨੂੰ ਵੱਡੀ ਸਹੂਲਤ ਮਿਲੇਗੀ ਉੱਥੇ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਪੰਜਾਬ ਦੇ ਸਿਖਰਲੇ ਜ਼ਿਲ੍ਹਿਆ ’ਚ ਸ਼ਾਮਲ ਹੈ। ਸ੍ਰੀ ਤਿਵਾੜੀ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਤੋਂ ਬਚਾਅ ਲਈ ਅਪਣਾਈ ਚੌਕਸ ਰਣਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਸਮੇਂ ਸਿਰ ਲੌਕਡਾਊਨ ਦਾ ਫੈਸਲਾ ਨਾ ਲੈਂਦੀ ਤਾਂ ਪੰਜਾਬ ਦੇ ਹਾਲਾਤ ਬੱਦਤਰ ਹੋਣੇ ਸਨ। ਸ੍ਰੀ ਤਿਵਾੜੀ ਨੇ ਜ਼ਿਲ੍ਹੇ ਦੇ ਦਿਹਾਤੀ ਵਿਕਾਸ ਲਈ 99 ਕਰੋੜ ਦੀਆਂ ਤਜਵੀਜ਼ਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਕਾਸ ਮਹਿਕਮੇ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਜ਼ਿਲ੍ਹੇ ਦਾ ਸਮੁੱਚਾ ਵਿਕਾਸ ਹੋਵੇਗਾ। ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਸ੍ਰੀ ਤਿਵਾੜੀ ਦਾ ਧੰਨਵਾਦ ਕੀਤਾ।