ਪੱਤਰ ਪ੍ਰੇਰਕ
ਪਠਾਨਕੋਟ, 6 ਦਸੰਬਰ
ਪਠਾਨਕੋਟ ਦੇ ਧਰੁਵ ਪਾਰਕ ਵਿੱਚ ਦੇਸ਼ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਦਾ ਸ਼ਹੀਦੀ ਸਮਾਗਮ ਫੌਜ ਦੇ 21 ਸਬ ਏਰੀਆ ਹੈਡਕੁਆਟਰ ਵੱਲੋਂ ਕੀਤਾ ਗਿਆ। ਇਸ ਮੌਕੇ ਸ਼ਹੀਦ ਦੇ ਬੁੱਤ ਉਪਰ ਕਮਾਂਡਰ 21 ਸਬ ਏਰੀਆ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ। 21 ਸਬ ਏਰੀਆ ਹੈਡਕੁਆਟਰ ਦੇ ਕਮਾਂਡਰ ਨੇ ਫੌਜੀ ਜਵਾਨਾਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੇ 5 ਦਸੰਬਰ 1961 ਨੂੰ ਅਫਰੀਕੀ ਦੇਸ਼ ਕਾਂਗੋ ਵਿੱਚ ਭਾਰਤੀ ਸ਼ਾਂਤੀ ਸੈਨਾ ਦੀ ਅਗਵਾਈ ਕਰਦੇ ਹੋਏ ਸ਼ਹਾਦਤ ਪਾਈ ਸੀ। ਅਸਲਾ ਖਤਮ ਹੋ ਜਾਣ ਦੇ ਬਾਅਦ ਉਸ ਵੱਲੋਂ ਖੁਖਰੀਆਂ ਅਤੇ ਬੈਨਰ ਨਾਲ ਮੁਕਾਬਲਾ ਕਰਦੇ ਹੋਏ ਦੁਸ਼ਮਣ ਦੀ ਗੋਲੀ ਉਸ ਦੇ ਗਲੇ ਵਿੱਚ ਆ ਲੱਗੀ ਪਰ ਫਿਰ ਵੀ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਖਰੀ ਦਮ ਤੱਕ ਲੜਦੇ ਰਹੇ। ਉਨ੍ਹਾਂ ਦੀ ਬਹਾਦੁਰੀ ਦਾ ਸਨਮਾਨ ਕਰਦੇ ਹੋਏ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਨੇ ਉਨ੍ਹਾਂ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉਚ ਵੀਰਤਾ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ।